OpenAI

10 ਜੁਲਾਈ 2026

OpenAI ਅਕੈਡਮੀ

ChatGPT ਨਾਲ ਸ਼ੁਰੂਆਤ

ChatGPT ਵਰਤਣ ਦੀਆਂ ਬੁਨਿਆਦੀ ਗੱਲਾਂ ਸਿੱਖੋ ਅਤੇ ਜਾਣੋ ਕਿ ਆਪਣੀ ਪਹਿਲੀ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ.

ChatGPT ਕੀ ਹੈ?

ChatGPT ਗੱਲਬਾਤ ਕਰਨ ਵਾਲਾ AI ਸਹਾਇਕ ਹੈ ਜੋ ਆਮ ਬੋਲਚਾਲ ਦੀ ਭਾਸ਼ਾ ਨੂੰ ਸਮਝਦਾ ਹੈ ਅਤੇ ਤੁਰੰਤ ਮਨੁੱਖਾਂ ਵਰਗੇ ਜਵਾਬ ਦਿੰਦਾ ਹੈ. ਇਹ ਸੋਚਣ, ਲਿਖਣ ਅਤੇ ਸਮੱਸਿਆਵਾਂ ਹੱਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ.

ChatGPT ਵੱਡੇ ਭਾਸ਼ਾ ਮਾਡਲਾਂ 'ਤੇ ਬਣਿਆ ਹੈ, ਜਿਸ ਕਰਕੇ ਇਹ ਕਈ ਤਰ੍ਹਾਂ ਦੇ ਕੰਮਾਂ ਵਿੱਚ ਮਦਦ ਕਰ ਸਕਦਾ ਹੈ. ਵੱਡੇ ਭਾਸ਼ਾ ਮਾਡਲਾਂ ਬਾਰੇ ਹੋਰ ਜਾਣਨ ਲਈ AI ਕੀ ਹੈ ਪੜ੍ਹੋ.

ਜਦੋਂ ਤੁਹਾਨੂੰ ਫ਼ੌਰੀ ਜਵਾਬ, ਵਿਆਖਿਆ, ਨਵੇਂ ਵਿਚਾਰ, ਲਿਖਤ ਵਿੱਚ ਸੋਧ ਜਾਂ ਛੋਟਾ ਖਰੜਾ ਚਾਹੀਦਾ ਹੋਵੇ, ਤਾਂ ਚੈਟ ਵਰਤੋ. ਜਦੋਂ ਤੁਸੀਂ ਚਾਹੁੰਦੇ ਹੋ ਕਿ ChatGPT ਕੋਈ ਵੱਡਾ ਕੰਮ ਪੂਰਾ ਕਰੇ ਅਤੇ ਸਪਸ਼ਟ ਨਤੀਜਾ ਦੇਵੇ ਜਿਸ ਦੀ ਤੁਸੀਂ ਸਮੀਖਿਆ ਕਰ ਸਕੋ, ਤਾਂ ਵਰਕ ਵਰਤੋ. ਇਹ ਸੰਖੇਪ ਰਿਪੋਰਟ, ਵਿਸ਼ਲੇਸ਼ਣ, ਸਲਾਈਡ ਪੇਸ਼ਕਾਰੀ, ਸਪ੍ਰੈੱਡਸ਼ੀਟ ਜਾਂ ਨਿਯਮਿਤ ਤੌਰ 'ਤੇ ਦਿੱਤੀ ਜਾਣ ਵਾਲੀ ਤਾਜ਼ਾ ਜਾਣਕਾਰੀ ਹੋ ਸਕਦੀ ਹੈ. ਤੁਸੀਂ ਚੈਟ ਵਿੱਚ ਸਧਾਰਨ ਕੰਮ ਨਾਲ ਸ਼ੁਰੂ ਕਰ ਸਕਦੇ ਹੋ, ਫਿਰ ਜਦੋਂ ਕੰਮ ਲਈ ਹੋਰ ਸੰਦਰਭ, ਸਾਧਨ ਜਾਂ ਅਗਲੇ ਕਦਮਾਂ 'ਤੇ ਅਮਲ ਦੀ ਲੋੜ ਹੋਵੇ, ਤਾਂ ਵਰਕ ਵਿੱਚ ਜਾ ਸਕਦੇ ਹੋ.

ChatGPT ਵਰਤਣ ਬਾਰੇ ਹੋਰ ਜਾਣਕਾਰੀ ਇੱਥੇ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਲਵੋ.

ਆਪਣੀ ਪਹਿਲੀ ਗੱਲਬਾਤ ਸ਼ੁਰੂ ਕਰੋ

ChatGPT ਖੋਲ੍ਹੋ.⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਤੁਹਾਡੇ ਲਈ ਨਵੀਂ ਚੈਟ ਪਹਿਲਾਂ ਹੀ ਤਿਆਰ ਹੈ.

ਸ਼ੁਰੂ ਕਰਨ ਲਈ, ਬੱਸ ਇੱਕ ਪ੍ਰੌੰਪਟ ਦਾਖ਼ਲ ਕਰੋ. ਪ੍ਰੌੰਪਟ ਉਹ ਸਵਾਲ ਜਾਂ ਹਿਦਾਇਤ ਹੈ ਜੋ ਤੁਸੀਂ ਗੱਲਬਾਤ ਸ਼ੁਰੂ ਕਰਨ ਲਈ ChatGPT ਵਿੱਚ ਟਾਈਪ ਕਰਦੇ ਹੋ ਜਾਂ ਉਸ ਨਾਲ ਸਾਂਝੀ ਕਰਦੇ ਹੋ. ਇਹ ਆਮ ਤੌਰ 'ਤੇ ਲਿਖਤ ਹੁੰਦੀ ਹੈ, ਪਰ ਇਹ ਤਸਵੀਰ, ਆਡੀਓ ਜਾਂ ਫ਼ਾਈਲ ਵੀ ਹੋ ਸਕਦੀ ਹੈ. ਤੁਹਾਡਾ ਪ੍ਰੌੰਪਟ ਮਾਡਲ ਨੂੰ ਸੇਧ ਦਿੰਦਾ ਹੈ ਤਾਂ ਜੋ ਉਹ ਮਦਦਗਾਰ ਜਵਾਬ ਦੇ ਸਕੇ.

ਸਮਝ ਨਹੀਂ ਆ ਰਿਹਾ ਕਿ ਕਿੱਥੋਂ ਸ਼ੁਰੂ ਕਰੀਏ? ਇਹ ਦੇਖਣ ਲਈ ਕਿ ChatGPT ਤੁਹਾਡੇ ਲਈ ਕੀ ਕਰ ਸਕਦਾ ਹੈ, ਇਹ ਪ੍ਰੌੰਪਟ ਕਾਪੀ ਕਰਕੇ ਪੇਸਟ ਕਰੋ (ਬਰੈਕਟਾਂ ਦੀ ਥਾਂ ਆਪਣੇ ਬਾਰੇ ਹੋਰ ਜਾਣਕਾਰੀ ਲਿਖੋ): 

ਦੱਸੋ ਕਿ ਆਪਣੀ ਜ਼ਿੰਦਗੀ ਸੌਖੀ ਬਣਾਉਣ ਲਈ ਮੈਂ ChatGPT ਕਿਵੇਂ ਵਰਤ ਸਕਦਾ ਹਾਂ. ਮੇਰੇ ਬਾਰੇ ਜਾਣਕਾਰੀ: [ਆਪਣਾ ਜਾਂ ਆਪਣੇ ਕੰਮ ਦਾ ਵੇਰਵਾ]. ਮੈਨੂੰ 5 ਅਜਿਹੇ ਕੰਮ ਦੱਸੋ ਜੋ ਮੈਂ ਹੁਣੇ ਕਰ ਸਕਦਾ ਹਾਂ ਅਤੇ ਹਰ ਕੰਮ ਲਈ ਇੱਕ ਪ੍ਰੌੰਪਟ ਦਿਓ. 

ਜਵਾਬ ਪੜ੍ਹੋ, ਫਿਰ ਅਗਲੇ ਸਵਾਲ ਪੁੱਛ ਕੇ ਜਾਂ ਹੋਰ ਵੇਰਵੇ ਜੋੜ ਕੇ ਇਸ ਨੂੰ ਬਿਹਤਰ ਬਣਾਓ.

ਪ੍ਰੌੰਪਟ ਦੇਣ ਦੀਆਂ ਬੁਨਿਆਦੀ ਗੱਲਾਂ ਬਾਰੇ ਹੋਰ ਜਾਣਕਾਰੀ ਇੱਥੇ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਲਵੋ.

ChatGPT ਵਰਤਣ ਲਈ ਢੁਕਵੇਂ ਕੰਮ ਲੱਭਣਾ

ChatGPT ਦੀ ਵਰਤੋਂ ਦੇ ਲਾਹੇਵੰਦ ਤਰੀਕੇ ਲੱਭਣ ਲਈ ਉਨ੍ਹਾਂ ਕੰਮਾਂ ਤੋਂ ਸ਼ੁਰੂ ਕਰੋ ਜੋ ਤੁਸੀਂ ਪਹਿਲਾਂ ਹੀ ਚੈਟ ਰਾਹੀਂ ਕਰਦੇ ਹੋ: ਖਰੜਾ ਲਿਖਣਾ, ਨਵੇਂ ਵਿਚਾਰ ਸੋਚਣਾ, ਲੰਮੀ ਲਿਖਤ ਦਾ ਸਾਰ ਕੱਢਣਾ, ਕੱਚੇ ਨੋਟਾਂ ਤੋਂ ਸਪਸ਼ਟ ਸੁਨੇਹਾ ਬਣਾਉਣਾ ਜਾਂ ਕਿਸੇ ਸਮੱਸਿਆ ਬਾਰੇ ਸੋਚ-ਵਿਚਾਰ ਕਰਨਾ. ਇਹ ਸ਼ੁਰੂਆਤ ਲਈ ਵਧੀਆ ਕੰਮ ਹਨ ਕਿਉਂਕਿ ਇਨ੍ਹਾਂ ਨੂੰ ਅਜ਼ਮਾਉਣਾ ਸੌਖਾ ਹੈ, ਜੋਖਮ ਘੱਟ ਹੈ ਅਤੇ ਫ਼ਾਇਦਾ ਤੁਰੰਤ ਮਿਲਦਾ ਹੈ. ਜੇ ChatGPT ਤੁਹਾਨੂੰ ਬਿਹਤਰ ਪਹਿਲਾ ਖਰੜਾ ਜਲਦੀ ਤਿਆਰ ਕਰਨ, ਆਪਣੇ ਵਿਚਾਰ ਤਰਤੀਬ ਵਿੱਚ ਲਿਆਉਣ ਜਾਂ ਖਾਲੀ ਪੰਨੇ ਨੂੰ ਤੱਕਦਿਆਂ ਬੀਤਣ ਵਾਲਾ ਸਮਾਂ ਘਟਾਉਣ ਵਿੱਚ ਮਦਦ ਕਰਦਾ ਹੈ, ਤਾਂ ਆਮ ਤੌਰ 'ਤੇ ਇਹ ਪੱਕਾ ਸੰਕੇਤ ਹੈ ਕਿ ਉਸ ਕੰਮ ਲਈ ਇਸ ਨੂੰ ਵਰਤਣਾ ਢੁਕਵਾਂ ਹੈ.

ਇਸ ਤੋਂ ਅੱਗੇ, ਇਸ ਦੀ ਵਰਤੋਂ ਉਨ੍ਹਾਂ ਕੰਮਾਂ ਵਿੱਚ ਹੋਰ ਲਾਹੇਵੰਦ ਹੁੰਦੀ ਹੈ ਜੋ ਅਕਸਰ ਦੁਹਰਾਏ ਜਾਂਦੇ ਹਨ, ਜਿਨ੍ਹਾਂ ਦੇ ਕਈ ਪੜਾਅ ਹੁੰਦੇ ਹਨ ਜਾਂ ਜਿਨ੍ਹਾਂ ਲਈ ਸਮੇਂ ਦੇ ਨਾਲ ਪਿਛਲਾ ਸੰਦਰਭ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ. ਇੱਥੇ ਪ੍ਰੋਜੈਕਟ, ਆਪਣੀ ਲੋੜ ਮੁਤਾਬਕ ਬਣਾਏ GPT ਜਾਂ ਹੁਨਰ ਵਰਗੇ ਸਾਧਨ ਹੋਰ ਕੰਮ ਆਉਂਦੇ ਹਨ: ਇਹ ਸਰੋਤ ਸਮੱਗਰੀ ਨੂੰ ਤਰਤੀਬ ਵਿੱਚ ਰੱਖਣ, ਹਿਦਾਇਤਾਂ ਵਿੱਚ ਇਕਸਾਰਤਾ ਬਣਾਈ ਰੱਖਣ ਅਤੇ ਇੱਕ ਵਾਰ ਵਰਤੇ ਜਾਣ ਵਾਲੇ ਪ੍ਰੌੰਪਟਾਂ ਨੂੰ ਵਾਰ-ਵਾਰ ਅਪਣਾਈਆਂ ਜਾ ਸਕਣ ਵਾਲੀਆਂ ਕਾਰਜ-ਪ੍ਰਕਿਰਿਆਵਾਂ ਵਿੱਚ ਬਦਲਣ ਵਿੱਚ ਮਦਦ ਕਰਦੇ ਹਨ. ਇੱਕ ਚੰਗਾ ਤਰੀਕਾ ਹੈ ਕਿ ਚੈਟ ਵਿੱਚ ਸਧਾਰਨ ਕੰਮਾਂ ਤੋਂ ਸ਼ੁਰੂ ਕਰੋ ਅਤੇ ਧਿਆਨ ਦਿਓ ਕਿ ਕਿਹੜੇ ਕੰਮ ਤੁਸੀਂ ਵਾਰ-ਵਾਰ ਕਰਦੇ ਹੋ. ਫਿਰ ਜਿਹੜੇ ਕੰਮ ਤੁਸੀਂ ਵੱਧ ਤੇਜ਼ੀ, ਇਕਸਾਰਤਾ ਜਾਂ ਬਿਹਤਰ ਗੁਣਵੱਤਾ ਨਾਲ ਕਰਨਾ ਚਾਹੁੰਦੇ ਹੋ, ਉਨ੍ਹਾਂ ਲਈ ਹੋਰ ਵਿਵਸਥਿਤ ਪ੍ਰਬੰਧ ਬਣਾਓ.

ChatGPT ਦੀ ਵਰਤੋਂ ਦੇ ਤਰੀਕੇ ਇੱਥੇ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੇਖੋ.

ChatGPT ਵਿੱਚ ਆਵਾਜ਼ ਦੀ ਵਰਤੋਂ ਕਰੋ

ਅਕਸਰ ਬੋਲਣਾ ਟਾਈਪ ਕਰਨ ਨਾਲੋਂ ਤੇਜ਼ ਹੁੰਦਾ ਹੈ. ਜਵਾਬ ਸੁਣਨ ਨਾਲ ਗੱਲਬਾਤ ਹੋਰ ਸੁਭਾਵਿਕ ਲੱਗ ਸਕਦੀ ਹੈ ਅਤੇ ਹੱਥ ਵਰਤਣ ਦੀ ਲੋੜ ਵੀ ਨਹੀਂ ਪੈਂਦੀ. ਆਵਾਜ਼ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਰੁਝੇਵੇਂ ਭਰੇ ਦਿਨਾਂ ਵਿੱਚ ਸਮਾਂ ਬਚਾਉਂਦੀਆਂ ਹਨ, ਵਰਤੋਂ ਨੂੰ ਵੱਧ ਲੋਕਾਂ ਲਈ ਸੁਗਮ ਬਣਾਉਂਦੀਆਂ ਹਨ ਅਤੇ ਕੰਮ ਕਰਨ ਦੇ ਨਵੇਂ ਤਰੀਕੇ ਦਿੰਦੀਆਂ ਹਨ. ਮਿਸਾਲ ਵਜੋਂ, ਆਉਂਦੇ-ਜਾਂਦੇ ਨਵੇਂ ਵਿਚਾਰ ਸੋਚਣਾ, ਹੋਰ ਕੰਮ ਕਰਦਿਆਂ ਦਸਤਾਵੇਜ਼ਾਂ ਦੇ ਖਰੜੇ ਬਣਾਉਣਾ ਜਾਂ ਉੱਚੀ ਆਵਾਜ਼ ਵਿੱਚ ਪੇਸ਼ਕਾਰੀ ਦਾ ਅਭਿਆਸ ਕਰਨਾ. 

ChatGPT ਵਿੱਚ ਆਵਾਜ਼ ਦੀ ਸਹੂਲਤ ਨਾਲ ਤੁਸੀਂ ਸਿੱਧਾ ChatGPT ਨਾਲ ਬੋਲ ਕੇ ਗੱਲ ਕਰ ਸਕਦੇ ਹੋ ਅਤੇ ਉਸ ਦੇ ਜਵਾਬ ਸੁਣ ਸਕਦੇ ਹੋ, ਜਾਂ ਬੋਲ ਕੇ ਲਿਖਣ ਦੀ ਸਹੂਲਤ ਨਾਲ ਆਪਣੇ ਬੋਲੇ ਸ਼ਬਦਾਂ ਨੂੰ ਲਿਖਤ ਵਿੱਚ ਬਦਲ ਸਕਦੇ ਹੋ. ਆਪਣੀ ਚੈਟ ਵਿੰਡੋ ਦੇ ਆਈਕਨਾਂ ਰਾਹੀਂ ਤੁਸੀਂ ਵੌਇਸ ਮੋਡ (ਦੋ-ਤਰਫ਼ਾ ਗੱਲਬਾਤ, ਜਿਸ ਵਿੱਚ ਤੁਸੀਂ ਉਸੇ ਵੇਲੇ ਬੋਲਦੇ ਅਤੇ ਸੁਣਦੇ ਹੋ) ਜਾਂ ਬੋਲ ਕੇ ਲਿਖਣਾ (ਤੁਸੀਂ ਬੋਲਦੇ ਹੋ ਅਤੇ ਤੁਹਾਡੇ ਸ਼ਬਦ ਲਿਖਤ ਵਜੋਂ ਦਿਸਦੇ ਹਨ, ਜਿਸ ਨੂੰ ਤੁਸੀਂ ਹੋਰ ਸੁਧਾਰ ਸਕਦੇ ਹੋ) ਚੁਣ ਸਕਦੇ ਹੋ. 

ਚੈਟ ਇੰਟਰਫੇਸ ਦਾ ਸਕ੍ਰੀਨਸ਼ਾਟ, ਜਿਸ ਵਿੱਚ “ਤੁਸੀਂ ਕਿਸ ਕੰਮ ਵਿੱਚ ਲੱਗੇ ਹੋ?” ਸਿਰਲੇਖ ਹੇਠਾਂ “ਕੁਝ ਵੀ ਪੁੱਛੋ” ਲੇਬਲ ਵਾਲਾ ਇਨਪੁੱਟ ਖੇਤਰ ਹੈ ਅਤੇ ਸੱਜੇ ਪਾਸੇ ਮਾਈਕ੍ਰੋਫ਼ੋਨ ਤੇ ਆਵਾਜ਼ ਦੇ ਆਈਕਨ ਹਨ.

ਮਿਸਾਲ ਵਜੋਂ, ਤੁਸੀਂ ਬੋਲ ਕੇ ਸਵਾਲ ਪੁੱਛ ਸਕਦੇ ਹੋ ਅਤੇ ChatGPT ਗੱਲਬਾਤ ਦੇ ਅੰਦਾਜ਼ ਵਿੱਚ ਜਵਾਬ ਦੇ ਸਕਦਾ ਹੈ, ਜਾਂ ਤੁਸੀਂ ਮੀਟਿੰਗ ਦੇ ਨੋਟ ਬੋਲ ਕੇ ਲਿਖਵਾ ਸਕਦੇ ਹੋ ਤਾਂ ਜੋ ਛੇਤੀ ਲਿਖਤੀ ਸਾਰ ਤਿਆਰ ਹੋ ਜਾਵੇ.

ਤੁਹਾਡੀਆਂ ਵੌਇਸ ਕੰਵਰਸੇਸ਼ਨਜ਼ ਦੀਆਂ ਆਡੀਓ ਅਤੇ ਵੀਡੀਓ ਕਲਿੱਪਾਂ ਚੈਟ ਇਤਿਹਾਸ ਵਿੱਚ ਗੱਲਬਾਤ ਦੀ ਲਿਖਤੀ ਨਕਲ ਦੇ ਨਾਲ ਸਾਂਭੀਆਂ ਜਾਂਦੀਆਂ ਹਨ. ਇਹ ਉਦੋਂ ਤੱਕ ਰੱਖੀਆਂ ਜਾਂਦੀਆਂ ਹਨ ਜਦੋਂ ਤੱਕ ਚੈਟ ਤੁਹਾਡੇ ਇਤਿਹਾਸ ਵਿੱਚ ਰਹਿੰਦੀ ਹੈ. 

OpenAI ਹੈਲਪ ਸੈਂਟਰ ਵਿੱਚ ਹੋਰ ਜਾਣੋ:
ਵੌਇਸ ਮੋਡ ਬਾਰੇ ਆਮ ਸਵਾਲ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)

ਕੋਰਸ ਕਰੋ

AI ਕਿਵੇਂ ਕੰਮ ਕਰਦਾ ਹੈ, ਕਿੱਥੇ ਮਦਦ ਕਰ ਸਕਦਾ ਹੈ ਅਤੇ ਇਸ ਨੂੰ ਜ਼ਿੰਮੇਵਾਰੀ ਨਾਲ ਕਿਵੇਂ ਵਰਤਣਾ ਹੈ, ਇਸ ਬਾਰੇ ਹੋਰ ਜਾਣਨ ਲਈ AI ਦੀਆਂ ਬੁਨਿਆਦੀ ਗੱਲਾਂ ਦਾ ਕੋਰਸ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਕਰੋ. ਜੇ ਤੁਸੀਂ ChatGPT ਵਰਤਣਾ ਹੁਣੇ ਸ਼ੁਰੂ ਕੀਤਾ ਹੈ ਜਾਂ ਵਧੇਰੇ ਉੱਨਤ ਕਾਰਜ-ਪ੍ਰਕਿਰਿਆਵਾਂ ਅਜ਼ਮਾਉਣ ਤੋਂ ਪਹਿਲਾਂ ਆਪਣੀ ਬੁਨਿਆਦੀ ਸਮਝ ਮਜ਼ਬੂਤ ਕਰਨੀ ਚਾਹੁੰਦੇ ਹੋ, ਤਾਂ ਇਹ ਇੱਕ ਚੰਗਾ ਅਗਲਾ ਕਦਮ ਹੈ.

OpenAI ਅਕੈਡਮੀ ਨਾਲ ਸਿੱਖਣਾ ਜਾਰੀ ਰੱਖੋ

ਵਿਹਾਰਕ AI ਹੁਨਰਾਂ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਗਾਈਡਾਂ ਅਤੇ ਸਰੋਤਾਂ ਦੀ ਖੋਜ ਕਰੋ।