OpenAI

22 ਅਪ੍ਰੈਲ 2026

OpenAI ਅਕੈਡਮੀ

ਵਰਕਸਪੇਸ ਏਜੰਟ

ChatGPT ਵਿੱਚ ਦੁਹਰਾਏ ਜਾਣ ਵਾਲੇ ਕੰਮਾਂ ਲਈ ਏਜੰਟਾਂ ਨੂੰ ਸਮਝੋ, ਬਣਾਓ ਅਤੇ ਵਰਤੋ.

ਜ਼ਿਆਦਾਤਰ ChatGPT ਵਰਤੋਂਕਾਰ ਇੱਕ ਵਾਰ ਦੇ ਕੰਮਾਂ ਲਈ AI ਵਰਤਣਾ ਜਾਣਦੇ ਹਨ—ਜਿਵੇਂ ਖਰੜਾ ਲਿਖਣਾ, ਸਾਰ ਬਣਾਉਣਾ, ਨਵੇਂ ਵਿਚਾਰ ਸੋਚਣਾ ਜਾਂ ਸਵਾਲਾਂ ਦੇ ਜਵਾਬ ਦੇਣਾ. AI ਦੀ ਵਰਤੋਂ ਦਾ ਅਗਲਾ ਪੜਾਅ ਵਧੇਰੇ ਵਿਆਪਕ ਹੈ ਅਤੇ ਰੋਜ਼ਾਨਾ ਦੇ ਕੰਮ ਵਿੱਚ ਹੋਰ ਡੂੰਘਾਈ ਨਾਲ ਜੁੜਿਆ ਹੋਇਆ ਹੈ. ਸਿਰਫ਼ ਵੱਖਰੇ-ਵੱਖਰੇ ਮੌਕਿਆਂ 'ਤੇ ਮਦਦ ਕਰਨ ਦੀ ਥਾਂ, AI ਹੁਣ ਦੁਹਰਾਈਆਂ ਜਾਣ ਵਾਲੀਆਂ ਕਾਰਜ-ਪ੍ਰਕਿਰਿਆਵਾਂ ਵਿੱਚ ਵੱਧ ਵਰਤੀ ਜਾ ਰਹੀ ਹੈ. ਇਹ ਸਾਂਝੇ ਸਿਸਟਮਾਂ, ਕੰਮ ਅੱਗੇ ਸੌਂਪਣ ਦੇ ਮਿਆਰੀ ਤਰੀਕਿਆਂ, ਇਕਸਾਰ ਨਤੀਜਿਆਂ ਅਤੇ ਸਮੇਂ, ਸ਼ੁੱਧਤਾ ਤੇ ਪ੍ਰਕਿਰਿਆ ਵਰਗੀਆਂ ਅਮਲੀ ਸ਼ਰਤਾਂ 'ਤੇ ਨਿਰਭਰ ਕਰਦੀਆਂ ਹਨ.

ਇੱਥੇ ChatGPT ਦੇ ਵਰਕਸਪੇਸ ਏਜੰਟ ਕੰਮ ਆਉਂਦੇ ਹਨ. ਇਹ ਦੁਹਰਾਈਆਂ ਜਾਣ ਵਾਲੀਆਂ ਕਾਰਜ-ਪ੍ਰਕਿਰਿਆਵਾਂ ਲਈ ਬਣਾਏ ਗਏ ਹਨ—ਉਹ ਕੰਮ ਜੋ ਨਹੀਂ ਤਾਂ ਤੁਹਾਨੂੰ ਹੱਥੀਂ ਕਰਨਾ ਪੈਂਦਾ, ਹਰ ਵਾਰ ਕਦਮ ਦੁਬਾਰਾ ਸਮਝਾਉਣੇ ਪੈਂਦੇ ਅਤੇ ਟੂਲਾਂ ਵਿਚਕਾਰ ਜਾਣਕਾਰੀ ਨਕਲ ਕਰਨੀ ਪੈਂਦੀ. ਵਰਕਸਪੇਸ ਏਜੰਟਾਂ ਬਾਰੇ ਸਾਡੀ ਬਲੌਗ ਪੋਸਟ ਵਿੱਚ ਹੋਰ ਜਾਣੋ.

ਜੇ ਤੁਸੀਂ ਪਹਿਲੀ ਵਾਰ ਏਜੰਟ ਬਣਾ ਰਹੇ ਹੋ, ਤਾਂ ਪਹਿਲਾਂ ਮੂਲ ਧਾਰਨਾਵਾਂ ਸਮਝੀਏ ਤਾਂ ਜੋ ਤੁਸੀਂ ਇਕਸਾਰ ਨਤੀਜਿਆਂ ਲਈ ਆਪਣਾ ਵਰਕਸਪੇਸ ਏਜੰਟ ਸਹੀ ਤਰ੍ਹਾਂ ਸੈੱਟ ਕਰ ਸਕੋ.

ਏਜੰਟ ਕੀ ਹੈ?

ਆਮ ਤੌਰ 'ਤੇ, ਏਜੰਟ ਇੱਕ ਸਿਸਟਮ ਹੈ ਜੋ ਤਿੰਨ ਹਿੱਸਿਆਂ ਨਾਲ ਕੰਮ ਕਰਦਾ ਹੈ: ਸ਼ੁਰੂ ਕਰਨ ਵਾਲੀ ਘਟਨਾ, ਇੱਕ ਪ੍ਰਕਿਰਿਆ ਜਿਸ ਵਿੱਚ ਖ਼ਾਸ ਹੁਨਰ ਹੋ ਸਕਦੇ ਹਨ, ਅਤੇ ਟੂਲ ਜਾਂ ਸਿਸਟਮ ਜਿਨ੍ਹਾਂ ਨਾਲ ਇਹ ਜੁੜ ਸਕਦਾ ਹੈ.

ਹਿੱਸਾ

ਵੇਰਵਾ

ਉਦਾਹਰਨਾਂ

ਸ਼ੁਰੂ ਕਰਨ ਵਾਲੀ ਘਟਨਾ

ਏਜੰਟ ਨੂੰ ਕੀ ਸ਼ੁਰੂ ਕਰਦਾ ਹੈ

ਸਮਾਂ-ਸਾਰਣੀ (“ਹਰ ਕੰਮਕਾਜੀ ਦਿਨ ਸਵੇਰੇ 9 ਵਜੇ”) ਜਾਂ ਹੱਥੀਂ ਚਲਾਉਣਾ (“ਹੁਣੇ ਚਲਾਓ”).

ਪ੍ਰਕਿਰਿਆ ਅਤੇ ਹੁਨਰ

ਕੰਮ ਤੁਹਾਡੀ ਉਮੀਦ ਮੁਤਾਬਕ ਪੂਰਾ ਕਰਨ ਲਈ ਏਜੰਟ ਵੱਲੋਂ ਅਪਣਾਏ ਜਾਂਦੇ ਕਦਮ

ਮਿਲੀ ਜਾਣਕਾਰੀ ਦੀ ਸਮੀਖਿਆ ਕਰਨਾ, ਅਧੂਰੀ ਜਾਣਕਾਰੀ ਦੀ ਜਾਂਚ ਕਰਨਾ, ਨਤੀਜੇ ਦਾ ਖਰੜਾ ਤਿਆਰ ਕਰਨਾ ਅਤੇ ਉਸ ਨੂੰ ਅੱਗੇ ਸੌਂਪਣਾ ਜਾਂ ਅਗਲੀ ਕਾਰਵਾਈ ਕਰਨਾ.

ਟੂਲ ਅਤੇ ਸਿਸਟਮ

ਮਨਜ਼ੂਰਸ਼ੁਦਾ ਟੂਲ ਅਤੇ ਏਕੀਕਰਨ, ਜਿਨ੍ਹਾਂ ਨਾਲ ਏਜੰਟ ਜਾਣਕਾਰੀ ਇਕੱਠੀ ਕਰ ਸਕਦਾ ਹੈ ਅਤੇ ਇਜਾਜ਼ਤ ਹੋਣ 'ਤੇ ਕਾਰਵਾਈ ਕਰ ਸਕਦਾ ਹੈ.

Slack, ਗਾਹਕ ਸੰਬੰਧ ਪ੍ਰਬੰਧਨ ਸਿਸਟਮ, ਅੰਦਰੂਨੀ ਦਸਤਾਵੇਜ਼, ਟਿਕਟ ਪ੍ਰਬੰਧਨ ਸਿਸਟਮ ਜਾਂ ਸਾਂਝਾ ਦਸਤਾਵੇਜ਼

ਏਜੰਟ ਸਭ ਤੋਂ ਵੱਧ ਲਾਭਦਾਇਕ ਹੁੰਦੇ ਹਨ ਜਦੋਂ ਕੰਮ:

  • ਦੁਹਰਾਉਣਯੋਗ ਹੋਵੇ: ਇੱਕੋ ਕੰਮ ਨਿਯਮਿਤ ਤੌਰ 'ਤੇ ਕਰਨਾ ਪੈਂਦਾ ਹੈ

  • ਢਾਂਚਾਬੱਧ ਹੋਵੇ: ਨਤੀਜੇ ਦਾ ਸਪਸ਼ਟ ਸਰੂਪ ਹੋਵੇ (ਤਾਂ ਜੋ ਤੁਸੀਂ ਜਾਣ ਸਕੋ ਕਿ ਏਜੰਟ ਵਧੀਆ ਕੰਮ ਕਰ ਰਿਹਾ ਹੈ ਜਾਂ ਨਹੀਂ)

  • ਸਮੇਂ ਜਾਂ ਘਟਨਾ 'ਤੇ ਆਧਾਰਿਤ ਹੋਵੇ: ਨਿਯਮਿਤ ਅੰਤਰਾਲ 'ਤੇ ਚੱਲੇ ਜਾਂ ਕਿਸੇ ਘਟਨਾ ਨਾਲ ਸ਼ੁਰੂ ਹੋਵੇ

  • ਟੂਲਾਂ 'ਤੇ ਆਧਾਰਿਤ ਹੋਵੇ: ਤੁਹਾਡੀ ਟੀਮ ਦੇ ਸਿਸਟਮਾਂ ਤੋਂ ਜਾਣਕਾਰੀ ਪੜ੍ਹਨ ਜਾਂ ਉਨ੍ਹਾਂ ਵਿੱਚ ਲਿਖਣ ਦੀ ਲੋੜ ਹੋਵੇ

ਖੁੱਲ੍ਹ ਕੇ ਸੋਚਣ, ਨਵੇਂ ਵਿਚਾਰ ਲੱਭਣ ਜਾਂ ਲਿਖਤ ਰਾਹੀਂ ਵਿਚਾਰ ਖੋਜਣ ਲਈ ਆਮ ਚੈਟ ਅਕਸਰ ਬਿਹਤਰ ਹੁੰਦੀ ਹੈ—ਖ਼ਾਸ ਕਰਕੇ ਇੱਕ ਵਾਰ ਦੇ ਕੰਮਾਂ ਲਈ.

ਏਜੰਟ ਰਵਾਇਤੀ ਏਪੀਆਈ ਕਾਰਜ-ਪ੍ਰਕਿਰਿਆਵਾਂ ਤੋਂ ਵੀ ਵੱਖਰੇ ਹਨ ਜੋ ਤੁਸੀਂ ਪਹਿਲਾਂ ਬਣਾਈਆਂ ਹੋ ਸਕਦੀਆਂ ਹਨ. ਹੋਰ ਟੂਲਾਂ ਦੀਆਂ ਰਵਾਇਤੀ ਕਾਰਜ-ਪ੍ਰਕਿਰਿਆਵਾਂ ਅਕਸਰ ਨਿਰਧਾਰਿਤ ਨਿਯਮਾਂ ਅਨੁਸਾਰ ਚੱਲਦੀਆਂ ਹਨ: ਹਰ ਕਦਮ ਸਪਸ਼ਟ ਹੁੰਦਾ ਹੈ ਅਤੇ ਜਦੋਂ ਤੱਕ ਤੁਸੀਂ ਤਰਕ ਨਹੀਂ ਬਦਲਦੇ, ਸਿਸਟਮ ਹਰ ਵਾਰ ਇੱਕੋ ਰਾਹ ਅਪਣਾਉਂਦਾ ਹੈ. ਏਜੰਟ ਵਧੇਰੇ ਸੰਭਾਵਨਾਵਾਂ 'ਤੇ ਆਧਾਰਿਤ ਹੁੰਦੇ ਹਨ. ਉਹ ਹਦਾਇਤਾਂ, ਟੂਲਾਂ ਅਤੇ ਸੁਰੱਖਿਆ ਸੀਮਾਵਾਂ ਅੰਦਰ ਹੀ ਕੰਮ ਕਰਦੇ ਹਨ, ਪਰ ਸੰਦਰਭ ਸਮਝਣ, ਹੱਦਾਂ ਅੰਦਰ ਫ਼ੈਸਲੇ ਲੈਣ ਅਤੇ ਕੰਮ ਕਰਨ ਦਾ ਤਰੀਕਾ ਢਾਲਣ ਲਈ ਮਾਡਲ ਵਰਤਦੇ ਹਨ.

ਏਜੰਟ ਦੀ ਬਣਤਰ

ਵਰਕਸਪੇਸ ਏਜੰਟ ਦੀ ਰੂਪਰੇਖਾ ਬਣਾਉਣ ਦਾ ਇੱਕ ਲਾਭਦਾਇਕ ਤਰੀਕਾ ਹੈ ਇਸ ਨੂੰ ਹਿੱਸਿਆਂ ਵਿੱਚ ਵੰਡਣਾ. ਸੋਚੋ ਕਿ ਕਿਸੇ ਵਿਅਕਤੀ ਨੂੰ ਕੰਮ ਸੌਂਪਣ ਤੋਂ ਪਹਿਲਾਂ ਤੁਸੀਂ ਕੀ ਸਪਸ਼ਟ ਕਰੋਗੇ: ਉਸ ਦੀ ਜ਼ਿੰਮੇਵਾਰੀ, ਸ਼ੁਰੂ ਕਰਨ ਦਾ ਸਮਾਂ, ਕਦੋਂ ਵਿਰਾਮ ਦੇਣਾ ਜਾਂ ਰੁਕਣਾ ਹੈ, ਕਿਹੜੇ ਟੂਲ ਤੇ ਜਾਣਕਾਰੀ ਵਰਤਣੀ ਹੈ, ਕਿਹੜੀ ਪ੍ਰਕਿਰਿਆ ਅਪਣਾਉਣੀ ਹੈ ਅਤੇ ਕਿਹੜੇ ਨਿਯਮਾਂ ਅੰਦਰ ਰਹਿਣਾ ਹੈ.

ਏਜੰਟ ਨੂੰ ਪਲੱਗਇਨਾਂ ਤੱਕ ਪਹੁੰਚ ਦੀ ਲੋੜ ਹੋ ਸਕਦੀ ਹੈ.
ChatGPT ਵਿੱਚ ਪਲੱਗਇਨਾਂ ਬਾਰੇ ਹੋਰ ਜਾਣੋ.

ਹੇਠਾਂ ਏਜੰਟਾਂ ਨੂੰ ਹਿੱਸਿਆਂ ਵਿੱਚ ਵੰਡਣ ਦੀਆਂ ਕੁਝ ਉਦਾਹਰਨਾਂ ਵੇਖੋ:


ਮਾਰਕੀਟਿੰਗ ਮੁਹਿੰਮ ਦਾ ਸਾਰ ਬਣਾਉਣ ਵਾਲਾ ਏਜੰਟ

ਉਤਪਾਦ ਬਾਰੇ ਫੀਡਬੈਕ ਦੀ ਛਾਂਟੀ ਕਰਨ ਵਾਲਾ ਏਜੰਟ

ਵਿਕਰੀ ਦੇ ਸੰਭਾਵੀ ਸੌਦਿਆਂ ਦਾ ਸਾਰ ਬਣਾਉਣ ਵਾਲਾ ਏਜੰਟ

ਉਦੇਸ਼: ਏਜੰਟ ਦਾ ਸਮੁੱਚਾ ਟੀਚਾ ਕੀ ਹੈ?

ਮੁਹਿੰਮ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨਾ ਅਤੇ ਸੁਧਾਰ ਸੁਝਾਉਣਾ

ਉਤਪਾਦ ਬਾਰੇ ਨਵੇਂ ਫੀਡਬੈਕ ਦਾ ਸਾਰ ਬਣਾਉਣਾ ਅਤੇ ਸਹੀ ਜ਼ਿੰਮੇਵਾਰ ਵਿਅਕਤੀਆਂ ਨੂੰ ਭੇਜਣਾ

ਸੰਭਾਵੀ ਸੌਦਿਆਂ ਦੀ ਸਥਿਤੀ ਵਿੱਚ ਤਬਦੀਲੀਆਂ 'ਤੇ ਨਜ਼ਰ ਰੱਖਣਾ ਅਤੇ ਜੋਖਮ ਤੇ ਮੌਕੇ ਉਜਾਗਰ ਕਰਨਾ

ਸ਼ੁਰੂ ਕਰਨ ਵਾਲੀ ਘਟਨਾ: ਕੰਮ ਕਿਸ ਨਾਲ ਸ਼ੁਰੂ ਹੁੰਦਾ ਹੈ?

ਹਰ ਸੋਮਵਾਰ ਸਵੇਰੇ 10 ਵਜੇ

Slack ਤੋਂ ਫਾਰਮ ਜਮ੍ਹਾਂ ਹੋਣ 'ਤੇ

ਹਰ ਕੰਮਕਾਜੀ ਦਿਨ ਸਵੇਰੇ 8 ਵਜੇ

ਪ੍ਰਕਿਰਿਆ: ਇਸ ਨੂੰ ਕਿਹੜੇ ਕਦਮ ਅਪਣਾਉਣੇ ਚਾਹੀਦੇ ਹਨ?

ਮੁੱਖ ਕਾਰਗੁਜ਼ਾਰੀ ਸੂਚਕ ਇਕੱਠੇ ਕਰਨਾ, ਰੁਝਾਨ ਪਛਾਣਨਾ, ਸਾਰ ਦਾ ਖਰੜਾ ਬਣਾਉਣਾ, ਅਗਲੇ ਕਦਮ ਸੁਝਾਉਣਾ, ਜ਼ਿੰਮੇਵਾਰੀਆਂ ਸੌਂਪਣਾ

ਫੀਡਬੈਕ ਦੀ ਸਮੀਖਿਆ ਕਰਨਾ, ਸਬੰਧਤ ਗੱਲਾਂ ਦੇ ਸਮੂਹ ਬਣਾਉਣਾ, ਮੁੱਖ ਵਿਸ਼ਿਆਂ ਦਾ ਸਾਰ ਕੱਢਣਾ, ਅਗਲੀ ਕਾਰਵਾਈ ਲਈ ਜ਼ਿੰਮੇਵਾਰ ਵਿਅਕਤੀ ਸੁਝਾਉਣਾ

ਸੰਭਾਵੀ ਸੌਦਿਆਂ ਦੀ ਸਮੀਖਿਆ ਕਰਨਾ, ਜੋਖਮ ਉਜਾਗਰ ਕਰਨਾ, ਅਗਲੇ ਕਦਮ ਸੁਝਾਉਣਾ

ਟੂਲ: ਤੁਹਾਨੂੰ ਕਿਹੜੇ ਸਿਸਟਮਾਂ ਜਾਂ ਐਪਾਂ ਤੱਕ ਪਹੁੰਚ ਚਾਹੀਦੀ ਹੈ?

ਵਿਸ਼ਲੇਸ਼ਣ ਟੂਲ ਅਤੇ ਸਾਰ ਵਾਲਾ ਸਾਂਝਾ ਦਸਤਾਵੇਜ਼

Slack, ਟਿਕਟ ਪ੍ਰਬੰਧਨ ਸਿਸਟਮ ਅਤੇ ਸਾਰ ਵਾਲਾ ਦਸਤਾਵੇਜ਼

ਗਾਹਕ ਸੰਬੰਧ ਪ੍ਰਬੰਧਨ ਸਿਸਟਮ, ਈਮੇਲ ਜਾਂ Slack ਅਤੇ ਸੰਭਾਵੀ ਸੌਦਿਆਂ ਦਾ ਟਰੈਕਰ

ਨਿਗਰਾਨੀ ਅਤੇ ਨਿਯਮ: ਤੁਹਾਨੂੰ ਕਿਹੜੇ ਨਿਯੰਤਰਣ ਚਾਹੀਦੇ ਹਨ? ਇਸ ਨੂੰ ਕਦੋਂ ਰੁਕ ਕੇ ਮਾਮਲਾ ਉੱਚ ਪੱਧਰ 'ਤੇ ਭੇਜਣਾ ਚਾਹੀਦਾ ਹੈ?

ਸਿਫ਼ਾਰਸ਼ਾਂ ਦਾ ਖਰੜਾ ਬਣਾਉਣਾ; ਬਜਟ ਬਦਲਣ ਤੋਂ ਪਹਿਲਾਂ ਮਨਜ਼ੂਰੀ ਲਾਜ਼ਮੀ

ਟਿਕਟਾਂ ਦੇ ਖਰੜੇ ਬਣਾਉਣਾ; ਵੱਧ ਤਰਜੀਹ ਵਾਲੇ ਮੁੱਦੇ ਉੱਚ ਪੱਧਰ 'ਤੇ ਭੇਜਣਾ; ਜਮ੍ਹਾਂ ਕਰਨ ਤੋਂ ਪਹਿਲਾਂ ਮਨਜ਼ੂਰੀ ਲਾਜ਼ਮੀ

ਵਿਸ਼ਲੇਸ਼ਣ ਤੋਂ ਮਿਲੀ ਸਮਝ ਅਤੇ ਸਿਫ਼ਾਰਸ਼ਾਂ ਦਾ ਖਰੜਾ ਬਣਾਉਣਾ; ਜ਼ਿੰਮੇਵਾਰ ਵਿਅਕਤੀਆਂ ਨੂੰ ਸੂਚਿਤ ਕਰਨਾ; ਮਨਜ਼ੂਰੀ ਤੋਂ ਬਿਨਾਂ ਸਿੱਧਾ ਸੰਪਰਕ ਨਹੀਂ

ਏਜੰਟ ਦੀਆਂ ਕਾਰਜ-ਪ੍ਰਕਿਰਿਆਵਾਂ ਦੀਆਂ ਉਦਾਹਰਨਾਂ

ਹੇਠਲੀਆਂ ਉਦਾਹਰਨਾਂ ਨੂੰ ਏਜੰਟ ਦੀਆਂ ਕਾਰਜ-ਪ੍ਰਕਿਰਿਆਵਾਂ ਦੇ ਨਮੂਨੇ ਮੰਨਿਆ ਜਾ ਸਕਦਾ ਹੈ: ਕੰਮ ਦੇ ਆਮ, ਦੁਹਰਾਉਣਯੋਗ ਤਰੀਕੇ ਜੋ ਵੱਖ-ਵੱਖ ਟੀਮਾਂ ਅਤੇ ਵਿਭਾਗਾਂ ਵਿੱਚ ਮਿਲਦੇ ਹਨ. ਹਰ ਉਦਾਹਰਨ ਕਾਰਜ-ਪ੍ਰਕਿਰਿਆ ਦੀ ਇੱਕ ਮੂਲ ਕਿਸਮ ਦਰਸਾਉਂਦੀ ਹੈ ਜੋ ਏਜੰਟ ਪੂਰੀ ਕਰ ਸਕਦਾ ਹੈ. ਖ਼ਾਸ ਟੂਲ, ਡੇਟਾ ਅਤੇ ਨਤੀਜੇ ਵੱਖਰੇ ਹੋ ਸਕਦੇ ਹਨ, ਪਰ ਬੁਨਿਆਦੀ ਤਰੀਕਾ ਇੱਕੋ ਰਹਿੰਦਾ ਹੈ.

ਕਾਰਜ-ਪ੍ਰਕਿਰਿਆ

ਇਹ ਕਿਵੇਂ ਕੰਮ ਕਰਦੀ ਹੈ

ਵਰਤੋਂ ਦੀਆਂ ਉਦਾਹਰਨਾਂ

ਸੰਖੇਪ ਜਾਣਕਾਰੀ ਦੇਣਾ

ਕਈ ਸਰੋਤਾਂ ਤੋਂ ਜਾਣਕਾਰੀ ਲਓ, ਉਸ ਦਾ ਨਿਚੋੜ ਕੱਢੋ ਅਤੇ ਫ਼ੈਸਲਾ ਲੈਣ ਲਈ ਵਰਤਣਯੋਗ ਰੂਪ ਵਿੱਚ ਪੇਸ਼ ਕਰੋ.

1) ਜਾਣਕਾਰੀ ਇਕੱਠੀ ਕਰੋ

2) ਤੁਲਨਾ ਕਰੋ ਅਤੇ ਮੁੱਖ ਸੰਕੇਤ ਕੱਢੋ

3) ਪੜ੍ਹਨ ਜਾਂ ਸੁਣਨ ਵਾਲਿਆਂ ਮੁਤਾਬਕ ਸਾਰ ਬਣਾਓ 

4) ਦਸਤਾਵੇਜ਼, ਯਾਦ-ਪੱਤਰ ਜਾਂ ਸੰਖੇਪ ਜਾਣਕਾਰੀ ਵਜੋਂ ਸਾਂਝਾ ਕਰੋ

ਵਿਕਰੀ: ਗਾਹਕ ਸੰਬੰਧ ਪ੍ਰਬੰਧਨ ਸਿਸਟਮ, ਕਾਲਾਂ, Slack ਅਤੇ ਖ਼ਬਰਾਂ ਤੋਂ ਗਾਹਕ ਖਾਤੇ ਬਾਰੇ ਸੰਖੇਪ ਜਾਣਕਾਰੀ ਤਿਆਰ ਕਰੋ. 

ਮਾਰਕੀਟਿੰਗ: ਵਿਸ਼ਲੇਸ਼ਣ, ਸੋਸ਼ਲ ਮੀਡੀਆ ਅਤੇ ਦਸਤਾਵੇਜ਼ਾਂ ਤੋਂ ਮੁਹਿੰਮ ਜਾਂ ਮੁਕਾਬਲੇਬਾਜ਼ਾਂ ਬਾਰੇ ਸਾਰ ਤਿਆਰ ਕਰੋ. 

ਕਾਰਜਕਾਰੀ ਅਧਿਕਾਰੀ: ਸਿਫ਼ਾਰਸ਼ਾਂ ਸਮੇਤ ਉਦਯੋਗ ਬਾਰੇ ਰੋਜ਼ਾਨਾ ਸੰਖੇਪ ਰਿਪੋਰਟਾਂ ਬਣਾਓ

ਛਾਂਟੀ ਕਰਨਾ ਅਤੇ ਅੱਗੇ ਭੇਜਣਾ

ਆਉਣ ਵਾਲੀਆਂ ਮਦਾਂ 'ਤੇ ਕਾਰਵਾਈ ਕਰੋ ਅਤੇ ਯਕੀਨੀ ਬਣਾਓ ਕਿ ਉਹ ਸਹੀ ਅਗਲੇ ਪੜਾਅ 'ਤੇ ਪਹੁੰਚਣ

1) ਆਉਣ ਵਾਲੀਆਂ ਮਦਾਂ ਦੀ ਸਮੀਖਿਆ ਕਰੋ 

2) ਸ਼੍ਰੇਣੀਆਂ ਅਤੇ ਤਰਜੀਹਾਂ ਤੈਅ ਕਰੋ 

3) ਅੱਗੇ ਭੇਜੋ ਜਾਂ ਅਗਲੇ ਕਦਮ ਲਈ ਲੋੜੀਂਦੀ ਸਮੱਗਰੀ ਬਣਾਓ

4) ਜ਼ਿੰਮੇਵਾਰ ਵਿਅਕਤੀ ਅਤੇ ਬੇਨਤੀਕਰਤਾ ਨੂੰ ਸੂਚਿਤ ਕਰੋ

ਸਹਾਇਤਾ: ਫੀਡਬੈਕ ਤੋਂ ਖ਼ਰਾਬੀ ਰਿਪੋਰਟਾਂ, ਵਿਸ਼ੇਸ਼ਤਾਵਾਂ ਲਈ ਬੇਨਤੀਆਂ ਜਾਂ ਅਗਲੀ ਕਾਰਵਾਈ ਦੀਆਂ ਮਦਾਂ ਬਣਾਓ. 

ਸੂਚਨਾ ਤਕਨਾਲੋਜੀ/ਸੰਚਾਲਨ: Slack ਵਿੱਚ ਅੰਦਰੂਨੀ ਬੇਨਤੀਆਂ ਸੰਭਾਲੋ ਅਤੇ ਫ਼ੌਰੀ ਲੋੜ ਮੁਤਾਬਕ ਅੱਗੇ ਭੇਜੋ. 

ਭਰਤੀ: ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਮੁੱਢਲੀ ਜਾਂਚ ਕਰੋ ਅਤੇ ਉਨ੍ਹਾਂ ਨੂੰ ਢੁਕਵੀਂ ਅਗਲੀ ਪ੍ਰਕਿਰਿਆ ਵਿੱਚ ਭੇਜੋ.

ਵਿਸ਼ਲੇਸ਼ਣ ਅਤੇ ਸਿਫ਼ਾਰਸ਼

ਡੇਟਾ ਜਾਂ ਸਬੂਤਾਂ ਦਾ ਅਰਥ ਸਮਝੋ, ਰਾਏ ਬਣਾਓ ਅਤੇ ਉਸ ਆਧਾਰ 'ਤੇ ਸੌਂਪਣਯੋਗ ਕੰਮ ਦਾ ਪਹਿਲਾ ਰੂਪ ਤਿਆਰ ਕਰੋ.

1) ਸਰੋਤ ਤੋਂ ਡੇਟਾ ਲਓ 

2) ਰੁਝਾਨਾਂ, ਕਮੀਆਂ ਅਤੇ ਵੱਖ-ਵੱਖ ਚੋਣਾਂ ਦੇ ਲਾਭ-ਨੁਕਸਾਨ ਦਾ ਵਿਸ਼ਲੇਸ਼ਣ ਕਰੋ 

3) ਸਿਫ਼ਾਰਸ਼ ਤਿਆਰ ਕਰੋ 

4) ਯਾਦ-ਪੱਤਰ, ਪੇਸ਼ਕਾਰੀ, ਸਪ੍ਰੈਡਸ਼ੀਟ ਜਾਂ ਈਮੇਲ ਦਾ ਖਰੜਾ ਬਣਾਓ

ਵਿੱਤ: ਬਜਟ ਅਤੇ ਅਸਲ ਖ਼ਰਚਿਆਂ ਦਾ ਮਿਲਾਨ ਕਰੋ ਅਤੇ ਪ੍ਰਬੰਧਕ ਲਈ ਯਾਦ-ਪੱਤਰ ਦਾ ਖਰੜਾ ਬਣਾਓ. 

ਉਤਪਾਦ/ਖੋਜ: ਵਰਤੋਂਕਾਰਾਂ ਦੇ ਫੀਡਬੈਕ ਦਾ ਵਿਸ਼ਲੇਸ਼ਣ ਕਰੋ ਅਤੇ ਤਰਜੀਹਾਂ ਸੁਝਾਓ. 

ਖ਼ਰੀਦ: ਸਪਲਾਇਰਾਂ ਦੀਆਂ ਕੀਮਤ-ਪੇਸ਼ਕਸ਼ਾਂ ਦੀ ਤੁਲਨਾ ਕਰੋ, ਫ਼ੈਸਲੇ ਲਈ ਤੁਲਨਾਤਮਕ ਸਾਰਣੀ ਬਣਾਓ ਅਤੇ ਖ਼ਰੀਦ ਆਰਡਰ ਦੀ ਈਮੇਲ ਦਾ ਖਰੜਾ ਲਿਖੋ.

ਸਮੱਗਰੀ ਬਣਾਉਣਾ

ਸਮੱਗਰੀ ਬਣਾਓ ਜਾਂ ਅੱਪਡੇਟ ਕਰੋ, ਫਿਰ ਇਸ ਨੂੰ ਖ਼ਾਸ ਪਾਠਕਾਂ ਜਾਂ ਮਾਧਿਅਮ ਮੁਤਾਬਕ ਢਾਲੋ.

1) ਨੋਟਾਂ ਜਾਂ ਸਰੋਤ ਸਮੱਗਰੀ ਤੋਂ ਪਹਿਲਾ ਖਰੜਾ ਬਣਾਓ

2) ਲਹਿਜ਼ੇ ਅਤੇ ਸ਼ੁੱਧਤਾ ਲਈ ਸੋਧ ਕਰੋ 

3) ਪਾਠਕਾਂ ਅਤੇ ਮਾਧਿਅਮ ਮੁਤਾਬਕ ਢਾਲੋ 

4) ਪ੍ਰਕਾਸ਼ਿਤ ਕਰੋ ਜਾਂ ਭੇਜੋ

ਮਾਰਕੀਟਿੰਗ: ਸੰਖੇਪ ਰੂਪਰੇਖਾ ਤੋਂ ਮੁਹਿੰਮ ਦੀ ਸਮੱਗਰੀ ਬਣਾਓ ਅਤੇ ਫੀਡਬੈਕ ਲਈ ਸਾਂਝੀ ਕਰੋ. 

ਪ੍ਰਬੰਧਕ: ਨੋਟਾਂ ਤੋਂ ਨਵੇਂ ਮੈਂਬਰਾਂ ਨੂੰ ਕੰਮ ਨਾਲ ਜਾਣੂ ਕਰਾਉਣ ਦੀ ਯੋਜਨਾ ਜਾਂ ਸਿਖਲਾਈ ਮੌਡਿਊਲ ਬਣਾਓ. 

ਵਿਕਰੀ: ਅਗਲੇ ਸੰਪਰਕ ਲਈ ਈਮੇਲਾਂ, ਤਿਮਾਹੀ ਕਾਰੋਬਾਰੀ ਸਮੀਖਿਆ ਦੇ ਸਾਰ ਜਾਂ ਸਬੰਧਤ ਧਿਰਾਂ ਲਈ ਸੰਖੇਪ ਰਿਪੋਰਟਾਂ ਲਿਖੋ.

ਯੋਜਨਾਬੰਦੀ ਅਤੇ ਤਾਲਮੇਲ

ਟੀਚਿਆਂ ਮੁਤਾਬਕ ਕੰਮ ਦੀ ਸਮਾਂ-ਸਾਰਣੀ ਬਣਾਓ ਅਤੇ ਸਿਸਟਮਾਂ ਵਿੱਚ ਤਬਦੀਲੀਆਂ ਕਰੋ

1) ਪਾਬੰਦੀਆਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾਓ 

2) ਜਾਂਚੋ ਕਿ ਕੰਮ ਕਿਨ੍ਹਾਂ ਚੀਜ਼ਾਂ 'ਤੇ ਨਿਰਭਰ ਹੈ ਅਤੇ ਉਪਲਬਧਤਾ ਕੀ ਹੈ 

3) ਕਾਰਵਾਈ ਕਰੋ ਜਾਂ ਉਸ ਦੀ ਤਿਆਰੀ ਕਰੋ 

4) ਸਿਸਟਮ ਅੱਪਡੇਟ ਕਰੋ ਅਤੇ ਲੋਕਾਂ ਨੂੰ ਸੂਚਿਤ ਕਰੋ

ਪ੍ਰੋਜੈਕਟ ਪ੍ਰਬੰਧਕ/ਸਟਾਫ਼ ਮੁਖੀ: ਕੰਮ ਲਈ ਸਮਾਂ ਰਾਖਵਾਂ ਕਰੋ, ਮੀਟਿੰਗਾਂ ਤੈਅ ਕਰੋ ਅਤੇ ਟਰੈਕਰ ਅੱਪਡੇਟ ਕਰੋ. 

ਸਮਾਗਮ: ਦਫ਼ਤਰ ਤੋਂ ਬਾਹਰਲੇ ਪ੍ਰੋਗਰਾਮਾਂ, ਰਜਿਸਟ੍ਰੇਸ਼ਨਾਂ ਜਾਂ ਯਾਤਰਾ ਯੋਜਨਾਵਾਂ ਦਾ ਤਾਲਮੇਲ ਕਰੋ. 

ਪ੍ਰਸ਼ਾਸਨ: ਫਾਰਮ, ਯਾਦ-ਸੂਚਨਾਵਾਂ, ਆਰਡਰ, ਬੁਕਿੰਗਾਂ ਅਤੇ ਅਗਲੀਆਂ ਕਾਰਵਾਈਆਂ ਸੰਭਾਲੋ.

ChatGPT ਵਿੱਚ ਏਜੰਟ ਵਰਤਣਾ

ਤੁਸੀਂ ਆਪਣੀ ਸੰਸਥਾ ਦੇ ਪਹਿਲਾਂ ਬਣਾਏ ਏਜੰਟਾਂ ਨੂੰ ਵਰਤ ਕੇ ਸ਼ੁਰੂ ਕਰ ਸਕਦੇ ਹੋ. ਪਹਿਲਾਂ ਸਮਝੋ ਕਿ ਏਜੰਟ ਕਿਹੜੇ ਕੰਮ ਚੰਗੀ ਤਰ੍ਹਾਂ ਕਰਨ ਲਈ ਬਣਿਆ ਹੈ—ਇਹ ਕਿਹੜੇ ਕੰਮਾਂ ਵਿੱਚ ਮਦਦ ਕਰਦਾ ਹੈ, ਕਿਹੜੇ ਟੂਲ ਵਰਤਦਾ ਹੈ ਅਤੇ ਕਿਸ ਤਰ੍ਹਾਂ ਦਾ ਨਤੀਜਾ ਦਿੰਦਾ ਹੈ.

ਇਹ ਕਿਵੇਂ ਕੰਮ ਕਰਦਾ ਹੈ, ਵੇਖਣ ਲਈ ਘੱਟ ਜੋਖਮ ਵਾਲੀਆਂ ਕੁਝ ਬੇਨਤੀਆਂ ਨਾਲ ਸ਼ੁਰੂ ਕਰੋ. ਪਹਿਲਾਂ ਸਰਲ ਜਾਣਕਾਰੀ ਦਿਓ, ਫਿਰ ਨਤੀਜੇ ਵੇਖ ਕੇ ਸਮਝੋ ਕਿ ਇਹ ਕੰਮ ਕਿਵੇਂ ਕਰਦਾ ਹੈ.

ਯਾਦ ਰੱਖੋ ਕਿ ਚੰਗੀ ਤਰ੍ਹਾਂ ਬਣੇ ਏਜੰਟ ਲਈ ਵੀ ਮਨੁੱਖੀ ਸੂਝ-ਬੂਝ ਲਾਭਦਾਇਕ ਹੁੰਦੀ ਹੈ. ਅਕਸਰ ਤੁਸੀਂ ਹੀ ਵਿਆਪਕ ਸੰਦਰਭ, ਕੰਮ ਦੇ ਨਤੀਜਿਆਂ ਦੀ ਅਹਿਮੀਅਤ ਅਤੇ ਚੰਗੇ ਜਵਾਬ ਦੇ ਮਾਪਦੰਡ ਜਾਣਦੇ ਹੋ.

ChatGPT ਵਿੱਚ ਆਪਣਾ ਏਜੰਟ ਬਣਾਉਣਾ

ਮੂਲ ਗੱਲਾਂ ਸਮਝਣ ਅਤੇ ਵਰਤੋਂ ਦਾ ਢੁਕਵਾਂ ਮੌਕਾ ਪਛਾਣਨ ਮਗਰੋਂ, ਤੁਸੀਂ ਆਪਣਾ ਵਰਕਸਪੇਸ ਏਜੰਟ ਬਣਾਉਣਾ ਸ਼ੁਰੂ ਕਰ ਸਕਦੇ ਹੋ. ਹੋ ਸਕਦਾ ਹੈ ਤੁਸੀਂ ChatGPT ਵਿੱਚ ਪਹਿਲਾਂ ਹੀ ਹੁਨਰ ਬਣਾਏ ਹੋਣ. ਵਰਕਸਪੇਸ ਏਜੰਟ ਆਪਣੀਆਂ ਹਦਾਇਤਾਂ ਵਿੱਚ ਹੁਨਰ ਵਰਤ ਸਕਦੇ ਹਨ.

ਨੋਟ: ChatGPT Enterprise ਵਿੱਚ ਏਜੰਟ ਬਣਾਉਣ ਦੀ ਪਹੁੰਚ ਤੁਹਾਡੇ ਵਰਕਸਪੇਸ ਪ੍ਰਸ਼ਾਸਕ ਕੰਟਰੋਲ ਕਰਦੇ ਹਨ.

  1. ਸਰਲ ਭਾਸ਼ਾ ਨਾਲ ਸ਼ੁਰੂ ਕਰੋ: ਏਜੰਟ ਬਿਲਡਰ ਚੈਟ ਵਿੱਚ ਦੱਸੋ ਕਿ ਏਜੰਟ ਨੇ ਕੀ ਕੰਮ ਕਰਨਾ ਹੈ, ਸਫਲ ਨਤੀਜਾ ਕਿਹੋ ਜਿਹਾ ਹੋਵੇਗਾ ਅਤੇ ਕਿਹੜੀਆਂ ਪਾਬੰਦੀਆਂ ਮੰਨਣੀਆਂ ਹਨ. ਬਿਲਡਰ ਇਸ ਤੋਂ ਤੈਅ ਕਦਮਾਂ ਵਾਲੀ ਸਪਸ਼ਟ ਕਾਰਜ-ਪ੍ਰਕਿਰਿਆ ਬਣਾ ਸਕਦਾ ਹੈ. ਤੁਸੀਂ ਇਸ ਨੂੰ ਚੈਟ ਵਿੱਚ ਸੁਧਾਰ ਸਕਦੇ ਹੋ ਜਾਂ ਕਾਰਜ-ਪ੍ਰਕਿਰਿਆ ਅਤੇ ਹਦਾਇਤਾਂ ਵਿੱਚ ਸਿੱਧੇ ਸੋਧ ਕਰ ਸਕਦੇ ਹੋ.

  2. ਟੂਲ ਅਤੇ ਕਨੈਕਟਰ ਚੁਣੋ: ਉਹ ਮਨਜ਼ੂਰਸ਼ੁਦਾ ਐਪਾਂ ਚੁਣੋ ਜਿਨ੍ਹਾਂ ਨਾਲ ਏਜੰਟ ਕਾਰਜ-ਪ੍ਰਕਿਰਿਆ ਪੂਰੀ ਕਰ ਸਕੇ. ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਏਜੰਟ ਨੂੰ ਕਿਹੜੇ ਸਿਸਟਮਾਂ ਤੱਕ ਪਹੁੰਚ ਚਾਹੀਦੀ ਹੈ. ਬਿਲਡਰ ਉਨ੍ਹਾਂ ਨੂੰ ਜੋੜਨ ਅਤੇ ਪਹੁੰਚ ਪ੍ਰਮਾਣਿਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ.

  3. ਸ਼ੁਰੂ ਕਰਨ ਵਾਲੀ ਘਟਨਾ ਚੁਣੋ: ਤੈਅ ਕਰੋ ਕਿ ਏਜੰਟ ਕਦੋਂ ਚੱਲੇ. ਇਹ ਉਹ ਘਟਨਾ ਹੈ ਜੋ ਏਜੰਟ ਦਾ ਕੰਮ ਸ਼ੁਰੂ ਕਰਦੀ ਹੈ. ਵਰਕਸਪੇਸ ਏਜੰਟ ਕਿਸੇ ਵਿਅਕਤੀ ਦੀ ਬੇਨਤੀ 'ਤੇ (ਕੋਈ ਇਸ ਨੂੰ ਕੰਮ ਕਰਨ ਲਈ ਕਹੇ) ਜਾਂ ਸਮਾਂ-ਸਾਰਣੀ ਮੁਤਾਬਕ (ਤੈਅ ਸਮੇਂ 'ਤੇ) ਚੱਲ ਸਕਦੇ ਹਨ. ਏਜੰਟ ਬਿਲਡਰ ਚੈਟ ਵਿੱਚ ਸਰਲ ਭਾਸ਼ਾ ਵਰਤ ਕੇ ਸ਼ੁਰੂ ਕਰਨ ਵਾਲੀ ਘਟਨਾ ਤੈਅ ਕਰੋ.

  4. ਸੁਰੱਖਿਆ ਸੀਮਾਵਾਂ ਜੋੜੋ: ਸੰਵੇਦਨਸ਼ੀਲ ਕਾਰਵਾਈਆਂ ਲਈ ਹੱਦਾਂ, ਲੋੜੀਂਦੀਆਂ ਮਨਜ਼ੂਰੀਆਂ ਅਤੇ ਮਨੁੱਖੀ ਜਾਂਚ ਦੇ ਪੜਾਅ ਤੈਅ ਕਰੋ. ਤੁਸੀਂ ਇਨ੍ਹਾਂ ਨੂੰ ਸਿੱਧਾ ਏਜੰਟ ਬਿਲਡਰ ਚੈਟ ਵਿੱਚ ਜੋੜ ਸਕਦੇ ਹੋ ਅਤੇ ਬਿਲਡਰ ਹਦਾਇਤਾਂ ਬਦਲ ਦੇਵੇਗਾ.

ਪੂਰਵ-ਝਲਕ ਰਾਹੀਂ ਆਪਣੇ ਏਜੰਟ ਦੀ ਜਾਂਚ ਕਰਨਾ

ਏਜੰਟ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਵਾਰ-ਵਾਰ ਜਾਂਚ ਕੇ ਸੁਧਾਰ ਕਰਨਾ. ChatGPT ਵਿੱਚ ਬਿਲਡਰ ਵੀ ਇਸ ਪ੍ਰਕਿਰਿਆ ਦਾ ਹਿੱਸਾ ਹੈ. ਏਜੰਟ ਦੀ ਜਾਂਚ ਦੌਰਾਨ ਗੱਲਬਾਤ ਰਾਹੀਂ ਸਮਝੋ ਕਿ ਕੀ ਹੋਇਆ, ਸਮੱਸਿਆਵਾਂ ਲੱਭੋ ਅਤੇ ਕਦਮ-ਦਰ-ਕਦਮ ਹਦਾਇਤਾਂ ਸੁਧਾਰੋ.

ਕੁਝ ਅਮਲੀ ਉਦਾਹਰਨਾਂ ਨਾਲ ਸ਼ੁਰੂ ਕਰੋ. ਇਨ੍ਹਾਂ ਵਿੱਚ ਸਿੱਧੀਆਂ ਬੇਨਤੀਆਂ ਦੇ ਨਾਲ ਅਧੂਰੇ ਸੰਦਰਭ ਜਾਂ ਅਸਪਸ਼ਟਤਾ ਵਾਲੀਆਂ ਗੁੰਝਲਦਾਰ ਬੇਨਤੀਆਂ ਵੀ ਸ਼ਾਮਲ ਕਰੋ. ਇਸ ਨਾਲ ਪਤਾ ਲੱਗੇਗਾ ਕਿ ਏਜੰਟ ਕਿਵੇਂ ਕੰਮ ਕਰਦਾ ਹੈ ਅਤੇ ਕਿੱਥੇ ਹੋਰ ਸਪਸ਼ਟ ਹਦਾਇਤਾਂ ਜਾਂ ਸੁਰੱਖਿਆ ਸੀਮਾਵਾਂ ਚਾਹੀਦੀਆਂ ਹਨ.

ਆਪਣੇ ਏਜੰਟ ਵਿੱਚ ਸੋਧ ਕਰਨਾ

ਏਜੰਟ ਦੀ ਜਾਂਚ ਕਰਦਿਆਂ ਇਹ ਮੰਨ ਕੇ ਚੱਲੋ ਕਿ ਪਹਿਲਾ ਸੰਸਕਰਣ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ. ਜਦੋਂ ਕੁਝ ਠੀਕ ਨਾ ਲੱਗੇ, ਤਾਂ ਇਸ ਨੂੰ ਸੁਧਾਰਨ ਦੇ ਦੋ ਅਸਰਦਾਰ ਤਰੀਕੇ ਹਨ.

  • ਹਦਾਇਤਾਂ ਸਿੱਧੀਆਂ ਬਦਲੋ: ਸੰਪਾਦਕ ਵਿੱਚ ਛੋਟੀਆਂ, ਖ਼ਾਸ ਤਬਦੀਲੀਆਂ ਕਰੋ, ਜਿਵੇਂ ਕੋਈ ਕਦਮ ਸਪਸ਼ਟ ਕਰਨਾ, ਨਤੀਜੇ ਦਾ ਸਰੂਪ ਬਦਲਣਾ ਜਾਂ ਪਾਬੰਦੀ ਜੋੜਨਾ.

  • ਆਮ ਭਾਸ਼ਾ ਵਿੱਚ ਸੇਧ ਦਿਓ: ਜੇ ਸਮੱਸਿਆ ਸਪਸ਼ਟ ਨਾ ਹੋਵੇ, ਤਾਂ ਬਿਲਡਰ ਨਾਲ ਗੱਲਬਾਤ ਕਰਕੇ ਇਸ ਨੂੰ ਹੱਲ ਕਰੋ. ਦੱਸੋ ਕਿ ਇਸ ਤੋਂ ਕੀ ਖੁੰਝਿਆ, ਖੁੱਲ੍ਹੇ ਸਵਾਲ ਪੁੱਛੋ ਜਾਂ ਇਸ ਦੀ ਰੀਜ਼ਨਿੰਗ ਸਮਝਾਉਣ ਲਈ ਕਹੋ ਤਾਂ ਜੋ ਹਦਾਇਤਾਂ ਦੀਆਂ ਕਮੀਆਂ ਸਾਹਮਣੇ ਆਉਣ.

ਤਬਦੀਲੀਆਂ ਮਗਰੋਂ ਦੁਬਾਰਾ ਜਾਂਚੋ ਕਿ ਸੁਧਾਰ ਨੇ ਕੰਮ ਕੀਤਾ ਹੈ.

ਆਪਣੇ ਏਜੰਟਾਂ ਦੀ ਵਰਤੋਂ ਟੀਮ ਤੱਕ ਵਧਾਉਣਾ

ਵਰਕਸਪੇਸ ਏਜੰਟ ਸਾਂਝੇ ਅਤੇ ਦੁਹਰਾਏ ਜਾਣ ਵਾਲੇ ਕੰਮ ਲਈ ਬਣੇ ਹਨ. ਏਜੰਟ ਸਾਂਝਾ ਕਰਨ ਨਾਲ ਤੁਹਾਡੀ ਟੀਮ ਨੂੰ ਕੰਮ ਪੂਰਾ ਕਰਨ ਦਾ ਇਕਸਾਰ ਤਰੀਕਾ ਮਿਲਦਾ ਹੈ ਅਤੇ ਹਰ ਵਾਰ ਨਵੀਂ ਪ੍ਰਕਿਰਿਆ ਨਹੀਂ ਬਣਾਉਣੀ ਪੈਂਦੀ.

ਏਜੰਟ ਸਾਂਝਾ ਕਰਦਿਆਂ ਇਸ ਦਾ ਮਕਸਦ ਸਪਸ਼ਟ ਦੱਸੋ. ਵੇਰਵੇ ਵਿੱਚ ਦੱਸੋ ਕਿ ਇਹ ਕਿਹੜਾ ਕੰਮ ਕਰਦਾ ਹੈ, ਕਦੋਂ ਵਰਤਣਾ ਹੈ, ਕਿਹੜੀ ਜਾਣਕਾਰੀ ਦੇਣੀ ਹੈ ਅਤੇ ਕਿਸ ਤਰ੍ਹਾਂ ਦੇ ਨਤੀਜੇ ਦੀ ਉਮੀਦ ਰੱਖਣੀ ਹੈ. ਸਾਂਝੇ ਏਜੰਟ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਉਹ ਕਿਸੇ ਖ਼ਾਸ, ਦੁਹਰਾਈ ਜਾਣ ਵਾਲੀ ਕਾਰਜ-ਪ੍ਰਕਿਰਿਆ ਨਾਲ ਜੁੜੇ ਹੋਣ ਜਿਸ ਨੂੰ ਟੀਮ ਪਹਿਲਾਂ ਹੀ ਸਮਝਦੀ ਹੈ. ਇੱਕ ਜਾਂ ਦੋ ਨਮੂਨਾ ਪ੍ਰੌਮਪਟ ਜੋੜਨ ਨਾਲ ਦੂਜਿਆਂ ਨੂੰ ਸ਼ੁਰੂਆਤ ਦਾ ਸਪਸ਼ਟ ਰਾਹ ਮਿਲਦਾ ਹੈ ਅਤੇ ਏਜੰਟ ਅਪਣਾਉਣਾ ਸੌਖਾ ਹੁੰਦਾ ਹੈ.

ਯਾਦ ਰੱਖੋ, ਵਰਕਸਪੇਸ ਪ੍ਰਸ਼ਾਸਕ ਰੋਲ-ਬੇਸਡ ਐਕਸੈਸ ਕੰਟਰੋਲ (RBAC) ਰਾਹੀਂ ਕਨੈਕਟਰਾਂ ਅਤੇ ਵਿਸ਼ੇਸ਼ਤਾਵਾਂ ਦੀ ਪਹੁੰਚ ਸੰਭਾਲਦੇ ਹਨ. ਇਸ ਲਈ Slack, Gmail ਜਾਂ ਹੋਰ ਟੂਲਾਂ ਨਾਲ ਏਜੰਟ ਚਲਾਉਣ ਵਾਸਤੇ ਟੀਮ ਮੈਂਬਰਾਂ ਨੂੰ ਢੁਕਵੀਆਂ ਇਜਾਜ਼ਤਾਂ ਚਾਹੀਦੀਆਂ ਹੋ ਸਕਦੀਆਂ ਹਨ.

ਸਬੰਧਤ ਟੂਲਾਂ ਅਤੇ ਮਾਰਗਦਰਸ਼ਨ ਲਈ OpenAI Frontier ਬਾਰੇ ਜਾਣੋ.

OpenAI ਅਕੈਡਮੀ ਨਾਲ ਸਿੱਖਣਾ ਜਾਰੀ ਰੱਖੋ

ਵਿਹਾਰਕ AI ਹੁਨਰਾਂ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਗਾਈਡਾਂ ਅਤੇ ਸਰੋਤਾਂ ਦੀ ਖੋਜ ਕਰੋ।