ChatGPT ਨਾਲ ਲਿਖਣਾ
ਸਪਸ਼ਟਤਾ ਅਤੇ ਮਕਸਦ ਨਾਲ ਲਿਖਤ ਦੇ ਖਰੜੇ ਬਣਾਓ, ਸੋਧੋ ਅਤੇ ਸੰਵਾਰੋ.
ChatGPT ਕੰਮਕਾਜ ਵਿੱਚ ਲਿਖਣ ਦੇ ਕਈ ਆਮ ਕੰਮਾਂ ਵਿੱਚ ਮਦਦ ਕਰ ਸਕਦਾ ਹੈ: ਸ਼ੁਰੂ ਤੋਂ ਖਰੜਾ ਲਿਖਣਾ, ਮੁੜ ਲਿਖਣਾ ਅਤੇ ਸੰਖੇਪ ਕਰਨਾ, ਖ਼ਾਸ ਪਾਠਕਾਂ ਮੁਤਾਬਕ ਲਹਿਜਾ ਬਦਲਣਾ ਅਤੇ ਕੱਚੇ ਨੋਟਾਂ ਨੂੰ ਸਪਸ਼ਟ ਸੁਨੇਹੇ ਵਿੱਚ ਬਦਲਣਾ. ਇਹ ਖ਼ਾਸ ਤੌਰ ’ਤੇ ਉਦੋਂ ਲਾਭਦਾਇਕ ਹੈ ਜਦੋਂ ਸਮਾਂ ਘੱਟ ਹੋਵੇ, ਖ਼ਾਲੀ ਪੰਨੇ ’ਤੇ ਲਿਖਣ ਦੀ ਸ਼ੁਰੂਆਤ ਨਾ ਸੁੱਝ ਰਹੀ ਹੋਵੇ ਜਾਂ ਤੁਸੀਂ ਲਿਖਤ ਨੂੰ ਲੋੜ ਮੁਤਾਬਕ ਸੰਵਾਰਨਾ ਚਾਹੁੰਦੇ ਹੋਵੋ.
ਸੁਝਾਅ: ChatGPT ਅੱਪਲੋਡ ਕੀਤੀਆਂ ਫ਼ਾਈਲਾਂ ਨਾਲ ਕੰਮ ਕਰ ਸਕਦਾ ਹੈ ਜਾਂ ਜੁੜੀਆਂ ਐਪਾਂ ਰਾਹੀਂ ਫ਼ਾਈਲਾਂ ਤੱਕ ਪਹੁੰਚ ਸਕਦਾ ਹੈ. ਇੱਥੇ ਹੋਰ ਜਾਣੋ.
ਕੰਮਕਾਜ ਦੀਆਂ ਜ਼ਿਆਦਾਤਰ ਲਿਖਤਾਂ ਦਾ ਇੱਕੋ ਮਕਸਦ ਹੁੰਦਾ ਹੈ: ਪਾਠਕ ਨੂੰ ਕੋਈ ਗੱਲ ਛੇਤੀ ਸਮਝਾਉਣਾ ਅਤੇ ਦੱਸਣਾ ਕਿ ਅੱਗੇ ਕੀ ਕਰਨਾ ਹੈ. ChatGPT ਉਨ੍ਹਾਂ ਕੰਮਾਂ ਨੂੰ ਤੇਜ਼ ਕਰ ਸਕਦਾ ਹੈ ਜਿਨ੍ਹਾਂ ਵਿੱਚ ਅਕਸਰ ਸਭ ਤੋਂ ਵੱਧ ਸਮਾਂ ਲੱਗਦਾ ਹੈ—ਪ੍ਰਭਾਵਸ਼ਾਲੀ ਸ਼ੁਰੂਆਤ ਲੱਭਣਾ, ਵਿਚਾਰਾਂ ਨੂੰ ਤਰਤੀਬ ਦੇਣਾ ਅਤੇ ਸ਼ਬਦਾਵਲੀ ਸੰਵਾਰਨਾ—ਤਾਂ ਜੋ ਤੁਸੀਂ ਅਹਿਮ ਫ਼ੈਸਲਿਆਂ ਅਤੇ ਵੇਰਵਿਆਂ ’ਤੇ ਧਿਆਨ ਦੇ ਸਕੋ.
ਇਹ ਵੱਖ-ਵੱਖ ਪਾਠਕਾਂ ਮੁਤਾਬਕ ਲਹਿਜਾ ਬਦਲਣ ਵਿੱਚ ਵੀ ਅਸਰਦਾਰ ਹੈ. ਤੁਸੀਂ ਇੱਕੋ ਮੁੱਖ ਸੁਨੇਹੇ ਤੋਂ ਕਾਰਜਕਾਰੀ ਸਾਰ, ਟੀਮ ਲਈ ਤਾਜ਼ਾ ਜਾਣਕਾਰੀ ਜਾਂ ਗਾਹਕ ਲਈ ਸੁਨੇਹਾ ਤਿਆਰ ਕਰ ਸਕਦੇ ਹੋ, ਬਿਨਾਂ ਸ਼ੁਰੂ ਤੋਂ ਮੁੜ ਲਿਖੇ.
ਇਹ ਸੌਖਾ ਤਰੀਕਾ ਲਿਖਣ ਦੇ ਜ਼ਿਆਦਾਤਰ ਕੰਮਾਂ ਲਈ ਕਾਰਗਰ ਹੈ:
ਯੋਜਨਾ ਬਣਾਓ → ਖਰੜਾ ਲਿਖੋ → ਸੋਧੋ → ਪੇਸ਼ਕਾਰੀ ਲਈ ਤਿਆਰ ਕਰੋ
ਯੋਜਨਾ ਬਣਾਓ: ਮਕਸਦ, ਪਾਠਕ ਅਤੇ “ਬੇਨਤੀ” (ਅੱਗੇ ਕੀ ਹੋਣਾ ਚਾਹੀਦਾ ਹੈ) ਸਪਸ਼ਟ ਕਰੋ
ਖਰੜਾ ਲਿਖੋ: ਵਰਤੋਂਯੋਗ ਪਹਿਲਾ ਰੂਪ ਛੇਤੀ ਤਿਆਰ ਕਰੋ
ਸੋਧੋ: ਸਪਸ਼ਟਤਾ, ਰਵਾਨੀ, ਲਹਿਜੇ ਅਤੇ ਲੰਬਾਈ ਵਿੱਚ ਸੁਧਾਰ ਕਰੋ
ਪੇਸ਼ਕਾਰੀ ਲਈ ਤਿਆਰ ਕਰੋ: ਮਾਧਿਅਮ ਮੁਤਾਬਕ ਰੂਪ ਦਿਓ (ਈਮੇਲ, ਯਾਦ-ਪੱਤਰ, ਆਮ ਸਵਾਲ-ਜਵਾਬ, ਸਲਾਈਡਾਂ ਦੀ ਲਿਖਤ ਜਾਂ ਪਟਕਥਾ)
ChatGPT ਸਭ ਤੋਂ ਵਧੀਆ ਕੰਮ ਉਦੋਂ ਕਰਦਾ ਹੈ ਜਦੋਂ ਤੁਸੀਂ ਸੰਦਰਭ ਅਤੇ ਹੱਦਾਂ ਦੱਸਦੇ ਹੋ ਅਤੇ ਇਸ ਦੀ ਲਿਖਤ ਨੂੰ ਜਾਂਚਣ ਯੋਗ ਖਰੜਾ ਮੰਨਦੇ ਹੋ—ਨਾ ਕਿ ਅੰਤਿਮ, ਪ੍ਰਮਾਣਿਕ ਜਵਾਬ.
ਸਭ ਤੋਂ ਪਹਿਲਾਂ ਇੱਕ ਜਾਂ ਦੋ ਵਾਕਾਂ ਵਿੱਚ ਦੱਸੋ ਕਿ ਕਿਹੜਾ ਕੰਮ ਕਰਨਾ ਹੈ. ਇਹ ਕਿਸ ਲਈ ਹੈ ਅਤੇ ਉਨ੍ਹਾਂ ਦੇ ਪੜ੍ਹਨ ਤੋਂ ਬਾਅਦ ਕੀ ਹੋਣਾ ਚਾਹੀਦਾ ਹੈ? ਸਪਸ਼ਟ ਮਕਸਦ ਨਾਲ ਵਧੀਆ ਖਰੜੇ ਤਿਆਰ ਹੁੰਦੇ ਹਨ.
ਫਿਰ ChatGPT ਨੂੰ ਆਪਣੀ ਮੁੱਢਲੀ ਸਮੱਗਰੀ ਦਿਓ. ਇਹ ਕੱਚਾ ਖਰੜਾ, ਕੁਝ ਨੁਕਤੇ, ਮੀਟਿੰਗ ਦੇ ਨੋਟ ਜਾਂ ਉਹ ਮੁੱਖ ਤੱਥ ਹੋ ਸਕਦੇ ਹਨ ਜੋ ਸ਼ਾਮਲ ਕਰਨੇ ਜ਼ਰੂਰੀ ਹਨ. ਜੇ ਕੋਈ ਸ਼ਰਤਾਂ ਹਨ—ਜਿਵੇਂ ਔਖੀ ਤਕਨੀਕੀ ਸ਼ਬਦਾਵਲੀ ਤੋਂ ਬਚਣਾ, ਅੰਦਰੂਨੀ ਨਾਂ ਸ਼ਾਮਲ ਨਾ ਕਰਨਾ ਜਾਂ ਨਿਰਪੱਖ ਲਹਿਜਾ ਰੱਖਣਾ—ਤਾਂ ਉਨ੍ਹਾਂ ਨੂੰ ਸਾਫ਼-ਸਾਫ਼ ਦੱਸੋ.
ਫਿਰ ਲਿਖਤ ਦਾ ਰੂਪ ਦੱਸੋ. ਈਮੇਲ, ਇੱਕ ਪੰਨੇ ਦਾ ਦਸਤਾਵੇਜ਼, ਆਮ ਸਵਾਲ-ਜਵਾਬ, ਸਲਾਈਡਾਂ ਦੀ ਲਿਖਤ ਜਾਂ ਪਟਕਥਾ—ਹਰੇਕ ਲਈ ਵੱਖਰੀ ਕਿਸਮ ਦੀ ਲਿਖਤ ਤਿਆਰ ਹੋਵੇਗੀ. ਜੇ ਤੁਸੀਂ ਅਜਿਹੀ ਲਿਖਤ ਚਾਹੁੰਦੇ ਹੋ ਜਿਸ ’ਤੇ ਝਾਤ ਮਾਰ ਕੇ ਮੁੱਖ ਗੱਲ ਸਮਝ ਆ ਜਾਵੇ, ਤਾਂ ਸਿਰਲੇਖ ਅਤੇ ਛੋਟੇ ਪੈਰੇ ਮੰਗੋ. ਜੇ ਤੁਸੀਂ ਭੇਜਣ ਲਈ ਤਿਆਰ ਲਿਖਤ ਚਾਹੁੰਦੇ ਹੋ, ਤਾਂ ਵਿਸ਼ੇ ਦੀ ਲਾਈਨ, ਸੰਖੇਪ ਸ਼ੁਰੂਆਤ ਅਤੇ ਸਪਸ਼ਟ ਅਗਲਾ ਕਦਮ ਮੰਗੋ.
ਅੰਤ ਵਿੱਚ, ਖ਼ਾਸ ਸੁਝਾਅ ਦੇ ਕੇ ਲਿਖਤ ਵਿੱਚ ਹੋਰ ਸੁਧਾਰ ਕਰਵਾਓ. “ਇਸ ਨੂੰ ਬਿਹਤਰ ਬਣਾਓ” ਵਰਗੀਆਂ ਆਮ ਬੇਨਤੀਆਂ ਨਾਲੋਂ “ਇਸ ਨੂੰ 25% ਛੋਟਾ ਕਰੋ ਅਤੇ ਅੰਤ ਵਿੱਚ ਸਪਸ਼ਟ ਕਰੋ ਕਿ ਪਾਠਕ ਨੇ ਕੀ ਕਰਨਾ ਹੈ” ਵਰਗੀਆਂ ਖ਼ਾਸ ਹਦਾਇਤਾਂ ਵੱਧ ਅਸਰਦਾਰ ਹੁੰਦੀਆਂ ਹਨ. ਹਰ ਵਾਰ ਬਿਲਕੁਲ ਨਵਾਂ ਖਰੜਾ ਮੰਗਣ ਨਾਲੋਂ ਕੁਝ ਵਾਰ ਖ਼ਾਸ ਪਹਿਲੂਆਂ ’ਤੇ ਸੋਧ ਕਰਵਾਉਣਾ ਆਮ ਤੌਰ ’ਤੇ ਵੱਧ ਕਾਰਗਰ ਹੁੰਦਾ ਹੈ.
ਕੰਮ | ਸੰਦਰਭ | ਉਮੀਦ ਕੀਤਾ ਨਤੀਜਾ |
|---|---|---|
ਵੱਖ-ਵੱਖ ਵਿਭਾਗਾਂ ਦੀ ਸਾਂਝੀ ਪ੍ਰੋਜੈਕਟ ਮੀਟਿੰਗ ਤੋਂ ਬਾਅਦ ਅਗਲੇਰੀ ਗੱਲਬਾਤ ਲਈ ਈਮੇਲ ਦਾ ਖਰੜਾ ਲਿਖੋ. | ਨੱਥੀ ਨੋਟ ਵਰਤੋ. ਇਹ ਉਤਪਾਦ ਨੂੰ ਬਾਜ਼ਾਰ ਵਿੱਚ ਲਿਆਉਣ ਦੀ ਸਮਾਂ-ਸਾਰਣੀ ਬਾਰੇ ਮੀਟਿੰਗ ਦੇ ਹਨ, ਜਿਸ ਵਿੱਚ ਮੰਡੀਕਰਨ, ਉਤਪਾਦ ਅਤੇ ਸੰਚਾਲਨ ਵਿਭਾਗ ਸ਼ਾਮਲ ਸਨ. | ਇੱਕ ਸੰਖੇਪ ਈਮੇਲ ਜਿਸ ਵਿੱਚ ਵਿਸ਼ੇ ਦੀ ਲਾਈਨ, ਛੋਟਾ ਸਾਰ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਂਵਾਂ ਸਮੇਤ ਅਗਲੇ ਕਦਮ ਸਪਸ਼ਟ ਹੋਣ. |
ਕੱਚੇ ਨੋਟਾਂ ਨੂੰ ਲੀਡਰਸ਼ਿਪ ਲਈ ਇੱਕ ਪੰਨੇ ਦੀ ਅੰਦਰੂਨੀ ਪ੍ਰਗਤੀ ਰਿਪੋਰਟ ਵਿੱਚ ਬਦਲੋ. | ਇਸ ਦੇ ਪਾਠਕ ਸੀਨੀਅਰ ਆਗੂ ਹਨ ਜੋ ਪ੍ਰਗਤੀ, ਜੋਖਮਾਂ ਅਤੇ ਅਗਲੇ ਕਦਮਾਂ ਦਾ ਸੰਖੇਪ ਸਾਰ ਚਾਹੁੰਦੇ ਹਨ. | ਇੱਕ ਪੰਨੇ ਦੀ ਤਾਜ਼ਾ ਰਿਪੋਰਟ ਜਿਸ ਵਿੱਚ ਪ੍ਰਗਤੀ, ਜੋਖਮਾਂ ਅਤੇ ਆਉਣ ਵਾਲੇ ਕੰਮ ਲਈ ਸਿਰਲੇਖ ਹੋਣ. |
ਐਲਾਨ ਦੇ ਖਰੜੇ ਨੂੰ ਮੁੜ ਲਿਖੋ ਤਾਂ ਜੋ ਇਹ ਵੱਧ ਸਪਸ਼ਟ ਹੋਵੇ ਅਤੇ ਝਾਤ ਮਾਰ ਕੇ ਇਸ ਦੀ ਮੁੱਖ ਗੱਲ ਸਮਝੀ ਜਾ ਸਕੇ. | ਮੂਲ ਖਰੜਾ (ਨੱਥੀ ਹੈ) ਬਹੁਤ ਲੰਮਾ ਹੈ ਅਤੇ ਇਸ ਵਿੱਚ ਸੰਸਥਾ ਦੀ ਅੰਦਰੂਨੀ ਸ਼ਬਦਾਵਲੀ ਵਰਤੀ ਗਈ ਹੈ ਜੋ ਹਰ ਕਿਸੇ ਨੂੰ ਸਮਝ ਨਹੀਂ ਆਉਂਦੀ. | ਸੋਧਿਆ ਹੋਇਆ ਰੂਪ ਜੋ ਛੋਟਾ ਹੋਵੇ, ਜਿਸ ਦੀ ਮੁੱਖ ਗੱਲ ਝਾਤ ਮਾਰ ਕੇ ਸਮਝ ਆਵੇ ਅਤੇ ਜੋ ਸੌਖੀ ਭਾਸ਼ਾ ਵਿੱਚ ਲਿਖਿਆ ਹੋਵੇ. |
ਵਧੀਆ ਪ੍ਰੌੰਪਟ ਬਣਾਉਣ ਦਾ ਤਰੀਕਾ ਜਾਣਨ ਲਈ ਪ੍ਰੌੰਪਟ ਇੰਜੀਨੀਅਰਿੰਗ ਦੀਆਂ ਬੁਨਿਆਦੀ ਗੱਲਾਂ ਮੁੜ ਵੇਖੋ.
ਜਿੱਥੇ ਸੰਭਵ ਹੋਵੇ, ਸ਼ੁਰੂਆਤ ਲਈ ਕੁਝ ਸਮੱਗਰੀ ਦਿਓ (ਕੱਚਾ ਖਰੜਾ ਵੀ ਮਦਦ ਕਰਦਾ ਹੈ).
ਲੰਮੀਆਂ ਲਿਖਤਾਂ ਲਈ ਪਹਿਲਾਂ ਬਣਤਰ ਜਾਂ ਰੂਪ-ਰੇਖਾ ਮੰਗੋ.
ਸ਼ਬਦਾਂ ਦੀ ਗਿਣਤੀ, ਪੜ੍ਹਨ ਦਾ ਪੱਧਰ, ਬ੍ਰਾਂਡ ਦੀ ਬੋਲਣ ਸ਼ੈਲੀ ਜਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਵਰਗੀਆਂ ਸ਼ਰਤਾਂ ਸ਼ਾਮਲ ਕਰੋ.
ਜੇ ਤੁਸੀਂ ਤਬਦੀਲੀਆਂ ਨੂੰ ਸਮਝਣਾ ਚਾਹੁੰਦੇ ਹੋ, ਤਾਂ ਸੋਧੀ ਲਿਖਤ ਦੇ ਨਾਲ ਸੋਧਾਂ ਦਾ ਸੰਖੇਪ ਕਾਰਨ ਵੀ ਮੰਗੋ.
ਜੇ ਸਮੱਗਰੀ ਵਿੱਚ ਖ਼ਾਸ ਅੰਕੜਿਆਂ, ਨੀਤੀਆਂ ਜਾਂ ਦਾਅਵਿਆਂ ਦਾ ਜ਼ਿਕਰ ਹੈ, ਤਾਂ ਤੱਥਾਂ ਦੀ ਪੁਸ਼ਟੀ ਕਰੋ.
ਜੇ ਤੁਸੀਂ ਕਿਸੇ ਖ਼ਾਸ ਲਿਖਣ ਸ਼ੈਲੀ ਦੀ ਲਗਾਤਾਰ ਪਾਲਣਾ ਕਰਨਾ ਚਾਹੁੰਦੇ ਹੋ, ਤਾਂ ਇੱਕ ਹੁਨਰ ਬਣਾਉਣ ਬਾਰੇ ਸੋਚੋ.


