ਪਿਛਲੇ ਕੁਝ ਮਹੀਨਿਆਂ ਦੌਰਾਨ, ਅਸੀਂ ਗਾਹਕਾਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਹੈ, ਤਾਂ ਜੋ ਸਾਡੇ ਮਾਡਲ ਮੁਹੱਈਆ ਕਰਵਾਉਣ ਵਾਲੀਆਂ ਸੇਵਾਵਾਂ ਵਿੱਚ ਸੁਰੱਖਿਆ ਨੀਤੀਆਂ ਇਕਸਾਰ ਹੋਣ. ਅਸੀਂ ਆਪਣੀਆਂ ਵਰਤੋਂ ਨੀਤੀਆਂ ਨੂੰ ਵੀ ਅੱਪਡੇਟ ਕਰ ਰਹੇ ਹਾਂ, ਤਾਂ ਜੋ ਇਹ ਲੋੜਾਂ ਹੋਰ ਸਪੱਸ਼ਟ ਹੋਣ ਅਤੇ ਡਿਵੈਲਪਰਾਂ ਲਈ ਇਹਨਾਂ ਦੀ ਪਾਲਣਾ ਕਰਨੀ ਸੌਖੀ ਹੋਵੇ.
GPT‑6 Astra ਵਰਗੇ ਮਾਡਲ ਡਿਵੈਲਪਰਾਂ ਅਤੇ ਕਾਰੋਬਾਰਾਂ ਲਈ ਨਵੀਆਂ ਚੀਜ਼ਾਂ ਬਣਾਉਣ ਦੀਆਂ ਸੰਭਾਵਨਾਵਾਂ ਵਧਾਉਂਦੇ ਹਨ. ਜਿਵੇਂ-ਜਿਵੇਂ ਇਹ ਸਮਰੱਥਾਵਾਂ ਵਧਦੀਆਂ ਹਨ, ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਸੁਰੱਖਿਆ ਉਪਾਅ ਪ੍ਰਭਾਵਸ਼ਾਲੀ ਰਹਿਣ ਅਤੇ ਸਾਡੇ ਮਾਡਲ ਮੁਹੱਈਆ ਕਰਵਾਉਣ ਵਾਲੀਆਂ ਸਾਰੀਆਂ ਸੇਵਾਵਾਂ ਵਿੱਚ ਇਕਸਾਰ ਢੰਗ ਨਾਲ ਲਾਗੂ ਕੀਤੇ ਜਾਣ.
ਕਿਸੇ ਮਾਡਲ ਨੂੰ ਡਿਪਲੌਇ ਕਰਨ ਤੋਂ ਪਹਿਲਾਂ, ਅਸੀਂ ਉਸ ਦੀਆਂ ਸਮਰੱਥਾਵਾਂ ਅਤੇ ਜੋਖਮਾਂ ਦਾ ਮੁਲਾਂਕਣ ਕਰਦੇ ਹਾਂ, ਉਸ ਨੂੰ ਸੁਰੱਖਿਆ ਲੋੜਾਂ ਦੀ ਪਾਲਣਾ ਕਰਨ ਦੀ ਸਿਖਲਾਈ ਦਿੰਦੇ ਹਾਂ ਅਤੇ ਜਾਂਚ ਕਰਦੇ ਹਾਂ ਕਿ ਜਦੋਂ ਲੋਕ ਜਾਣਬੁੱਝ ਕੇ ਉਸ ਦੇ ਸੁਰੱਖਿਆ ਉਪਾਵਾਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਕਿੰਨੇ ਪ੍ਰਭਾਵਸ਼ਾਲੀ ਰਹਿੰਦੇ ਹਨ. ਜਿਵੇਂ ਅਸੀਂ ਸੁਰੱਖਿਆ ਅਤੇ ਅਲਾਈਨਮੈਂਟ ਬਾਰੇ ਆਪਣੀ ਪਹੁੰਚ ਵਿੱਚ ਦੱਸਦੇ ਹਾਂ, ਅਸੀਂ ਅਜਿਹੇ ਸੁਰੱਖਿਆ ਉਪਾਅ ਇਕੱਠੇ ਵਰਤਦੇ ਹਾਂ ਜੋ ਇੱਕ-ਦੂਜੇ ਨੂੰ ਮਜ਼ਬੂਤ ਕਰਨ ਲਈ ਬਣਾਏ ਗਏ ਹਨ.
ਮਾਡਲ ਡਿਪਲੌਇਮੈਂਟ ਤੋਂ ਬਾਅਦ, ਅਸੀਂ ਸੰਭਾਵੀ ਦੁਰਵਰਤੋਂ ’ਤੇ ਨਜ਼ਰ ਰੱਖਦੇ ਹਾਂ ਅਤੇ ਚਿੰਤਾਵਾਂ ਦੀ ਜਾਂਚ ਕਰਦੇ ਹਾਂ. ਮਿਸਾਲ ਲਈ, ਸਾਈਬਰ ਦੁਰਵਰਤੋਂ ਨੂੰ ਘਟਾਉਣ ਲਈ ਅਸੀਂ ਮਾਡਲਾਂ ਨੂੰ ਨੁਕਸਾਨਦੇਹ ਬੇਨਤੀਆਂ ਠੁਕਰਾਉਣ ਦੀ ਸਿਖਲਾਈ ਦਿੰਦੇ ਹਾਂ. ਇਸ ਦੇ ਨਾਲ, ਅਸੀਂ ਅਜਿਹੇ ਸਿਸਟਮਾਂ ਦੀ ਵਰਤੋਂ ਕਰਦੇ ਹਾਂ ਜੋ ਇੰਟਰੈਕਸ਼ਨਾਂ ਵਿੱਚ ਸ਼ੱਕੀ ਪੈਟਰਨਾਂ ਦੀ ਪਛਾਣ ਕਰਕੇ ਇਹ ਤੈਅ ਕਰਦੇ ਹਨ ਕਿ ਕਿਵੇਂ ਜਵਾਬ ਦੇਣਾ ਹੈ. ਭਰੋਸੇਯੋਗ ਪਹੁੰਚ ਪ੍ਰੋਗਰਾਮ ਸੁਰੱਖਿਆ ਦੀ ਇੱਕ ਹੋਰ ਪਰਤ ਜੋੜਦੇ ਹਨ ਅਤੇ ਸਾਡੀਆਂ ਸਭ ਤੋਂ ਸ਼ਕਤੀਸ਼ਾਲੀ ਸਮਰੱਥਾਵਾਂ ਤੱਕ ਪਹੁੰਚ ਲਈ ਯੋਗਤਾ ਦੀਆਂ ਲੋੜਾਂ ਅਤੇ ਸ਼ਰਤਾਂ ਨਿਰਧਾਰਤ ਕਰਦੇ ਹਨ.
ਕੁਝ ਸੁਰੱਖਿਆ ਉਪਾਅ ਮਾਡਲ ਵਿੱਚ ਹੀ ਸ਼ਾਮਲ ਹੁੰਦੇ ਹਨ, ਜਦਕਿ ਹੋਰ ਉਸ ਨਾਲ ਜੁੜੇ ਸਿਸਟਮਾਂ ਅਤੇ ਲੋਕਾਂ ’ਤੇ ਨਿਰਭਰ ਕਰਦੇ ਹਨ. ਦੋਵੇਂ ਤਰ੍ਹਾਂ ਦੇ ਸੁਰੱਖਿਆ ਉਪਾਵਾਂ ਦਾ ਪ੍ਰਭਾਵਸ਼ਾਲੀ ਹੋਣਾ ਜ਼ਰੂਰੀ ਹੈ, ਭਾਵੇਂ ਲੋਕ ਸਾਡੇ ਮਾਡਲਾਂ ਤੱਕ ਸਿੱਧੀ ਪਹੁੰਚ ਕਰਨ ਜਾਂ ਕਿਸੇ ਭਾਈਵਾਲ ਰਾਹੀਂ.
ਡਿਵੈਲਪਰਾਂ ਅਤੇ ਕਾਰੋਬਾਰਾਂ ਨੂੰ ਇਹ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਸਾਡੇ ਮਾਡਲਾਂ ਤੱਕ ਕਿਹੜੀ ਸੇਵਾ ਰਾਹੀਂ ਪਹੁੰਚ ਕਰਦੇ ਹਨ, ਅਤੇ ਇਹਨਾਂ ਸਾਰੀਆਂ ਸੇਵਾਵਾਂ ਵਿੱਚ ਸੁਰੱਖਿਆ ਉਪਾਅ ਇਕਸਾਰ ਹੋਣੇ ਚਾਹੀਦੇ ਹਨ. ਅਸੀਂ ਵੱਖ-ਵੱਖ ਪ੍ਰਦਾਤਾਵਾਂ ਵਿੱਚ ਆਪਣੇ ਸੁਰੱਖਿਆ ਉਪਾਵਾਂ ਨੂੰ ਇਕਸਾਰ ਕਰਨ ਲਈ ਨੀਤੀਆਂ ਬਣਾਈਆਂ ਹਨ ਅਤੇ ਹਰ ਭਾਈਵਾਲ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਵੱਲੋਂ ਇਹਨਾਂ ਨੂੰ ਲਾਗੂ ਕਰਨ ਦਾ ਢੰਗ ਸਾਡੇ ਸੁਰੱਖਿਆ ਮਿਆਰਾਂ ਨੂੰ ਪੂਰਾ ਕਰੇ ਜਾਂ ਉਹਨਾਂ ਤੋਂ ਵੀ ਵੱਧ ਹੋਵੇ. ਇਹ ਨੀਤੀਆਂ ਹਰ ਸਥਿਤੀ ਵਿੱਚ ਲਾਗੂ ਹੁੰਦੀਆਂ ਹਨ, ਭਾਵੇਂ ਲੋਕ ਸਾਡੇ ਮਾਡਲਾਂ ਤੱਕ ਸਿੱਧੇ OpenAI ਰਾਹੀਂ, ਉਹਨਾਂ ਨੂੰ ਹੋਸਟ ਕਰਨ ਵਾਲੇ ਭਾਈਵਾਲਾਂ ਰਾਹੀਂ ਜਾਂ ਮੁੜ-ਵਿਕਰੇਤਾ ਭਾਈਵਾਲਾਂ ਰਾਹੀਂ ਪਹੁੰਚ ਕਰਦੇ ਹੋਣ.
ਇਹਨਾਂ ਨੀਤੀਆਂ ਅਨੁਸਾਰ, OpenAI ਦੇ ਮਾਡਲਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਵਾਲੇ ਭਾਈਵਾਲਾਂ ਲਈ ਸਾਡੇ ਆਪਣੇ ਸੁਰੱਖਿਆ ਉਪਾਵਾਂ ਦੇ ਅਨੁਕੂਲ ਸੁਰੱਖਿਆ ਉਪਾਅ ਕਾਇਮ ਰੱਖਣੇ, ਸੰਭਾਵੀ ਉਲੰਘਣਾਵਾਂ ਦੀ ਜਾਂਚ ਕਰਨੀ ਅਤੇ ਕੋਈ ਚਿੰਤਾ ਸਾਹਮਣੇ ਆਉਣ ’ਤੇ ਢੁਕਵੀਂ ਕਾਰਵਾਈ ਕਰਨੀ ਲਾਜ਼ਮੀ ਹੈ. ਇਸ ਵਿੱਚ ਨਿਯਮ ਲਾਗੂ ਕਰਨ ਲਈ ਆਪਸੀ ਤਾਲਮੇਲ ਕਰਨਾ ਵੀ ਸ਼ਾਮਲ ਹੈ, ਤਾਂ ਜੋ ਸਾਡੇ ਮਾਡਲਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਵਾਲੀਆਂ ਸਾਰੀਆਂ ਸੇਵਾਵਾਂ ਵਿੱਚ ਪਾਬੰਦੀਆਂ ਪ੍ਰਭਾਵਸ਼ਾਲੀ ਰਹਿਣ.
ਇਸ ਨੂੰ ਅਮਲ ਵਿੱਚ ਲਿਆਉਣ ਲਈ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਵੱਖ-ਵੱਖ ਸੇਵਾਵਾਂ ਕਿਵੇਂ ਕੰਮ ਕਰਦੀਆਂ ਹਨ ਅਤੇ ਗਾਹਕ ਉਹਨਾਂ ਦੀ ਵਰਤੋਂ ਕਿਵੇਂ ਕਰਦੇ ਹਨ. ਪ੍ਰਾਈਵੇਟ ਸੇਫ਼ਟੀ ਪ੍ਰੋਸੈੱਸਿੰਗ ਬਾਰੇ ਗਾਹਕਾਂ ਅਤੇ ਭਾਈਵਾਲਾਂ ਨਾਲ ਸਾਡਾ ਕੰਮ ਇਸ ਗੱਲ ਦੀ ਇੱਕ ਮਿਸਾਲ ਹੈ ਕਿ ਅਸੀਂ ਗਾਹਕਾਂ ਨੂੰ ਉਹਨਾਂ ਦੇ ਸੰਵੇਦਨਸ਼ੀਲ ਡਾਟਾ ’ਤੇ ਵਧੇਰੇ ਚੋਣ ਅਤੇ ਨਿਯੰਤਰਨ ਦੇਣ ਦੇ ਨਾਲ-ਨਾਲ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਕਿਵੇਂ ਵਿਕਸਿਤ ਕਰ ਸਕਦੇ ਹਾਂ.
ਅਸੀਂ ਆਪਣੀਆਂ ਵਰਤੋਂ ਨੀਤੀਆਂ ਨੂੰ ਵੀ ਅੱਪਡੇਟ ਕਰ ਰਹੇ ਹਾਂ, ਜੋ 20 ਨਵੰਬਰ, 2026 ਤੋਂ ਲਾਗੂ ਹੋਣਗੀਆਂ. ਇਹਨਾਂ ਦਾ ਉਦੇਸ਼ ਸੁਰੱਖਿਅਤ ਮਾਡਲ ਵਿਕਾਸ ਅਤੇ AI ਦੀਆਂ ਸੰਵੇਦਨਸ਼ੀਲ ਵਰਤੋਂਆਂ ਲਈ ਨਿਯਮ ਸਪਸ਼ਟ ਕਰਨਾ ਹੈ. ਅੱਪਡੇਟ ਕੀਤੀਆਂ ਵਰਤੋਂ ਨੀਤੀਆਂ ਇਸ ਕੰਮ ਨੂੰ ਅੱਗੇ ਵਧਾਉਂਦੀਆਂ ਹਨ. ਇਹਨਾਂ ਅਨੁਸਾਰ, ਸਾਡੇ ਮਾਡਲਾਂ ਤੱਕ ਸਿੱਧੀ ਪਹੁੰਚ ਦੇਣ ਵਾਲੀਆਂ ਸੇਵਾਵਾਂ, ਜਿਵੇਂ ਮਾਡਲ ਰਾਊਟਰ ਜਾਂ AI ਦੇ ਗੇਟਵੇਅ, ਲਈ ਇਹ ਪਹੁੰਚ ਦੇਣ ਤੋਂ ਪਹਿਲਾਂ ਸਾਡੇ ਤੋਂ ਸਮੀਖਿਆ ਅਤੇ ਮਨਜ਼ੂਰੀ ਲੈਣੀ ਲਾਜ਼ਮੀ ਹੈ.
ਅਸੀਂ ਦੱਸਦੇ ਰਹਾਂਗੇ ਕਿ ਕਿਸ ਦੀ ਇਜਾਜ਼ਤ ਹੈ, ਕਿਸ ’ਤੇ ਪਾਬੰਦੀ ਹੈ ਅਤੇ ਗਾਹਕ ਤੇ ਭਾਈਵਾਲ ਸਵਾਲ ਕਿਵੇਂ ਪੁੱਛ ਸਕਦੇ ਹਨ ਜਾਂ ਨਿਯਮਾਂ ਦੀ ਪਾਲਣਾ ਸਬੰਧੀ ਚਿੰਤਾਵਾਂ ਕਿਵੇਂ ਦੂਰ ਕਰ ਸਕਦੇ ਹਨ.
ਜਿਵੇਂ-ਜਿਵੇਂ ਸਾਡੇ ਮਾਡਲ ਵਧੇਰੇ ਸਮਰੱਥ ਬਣਦੇ ਜਾਣਗੇ, ਅਸੀਂ ਦੁਰਵਰਤੋਂ ਦਾ ਪਤਾ ਲਗਾਉਣ, ਉਸ ਦੀ ਜਾਂਚ ਕਰਨ ਅਤੇ ਉਸ ਵਿਰੁੱਧ ਕਾਰਵਾਈ ਕਰਨ ਦੇ ਢੰਗ ਸੁਧਾਰਦੇ ਰਹਾਂਗੇ. ਗਾਹਕਾਂ ਨੂੰ ਉਹਨਾਂ ਦੇ ਅੰਤਿਮ ਵਰਤੋਂਕਾਰਾਂ, ਸੰਨ੍ਹ ਲੱਗੇ ਖਾਤਿਆਂ ਜਾਂ ਲੀਕ ਹੋਈਆਂ API ਕੀਜ਼ ਰਾਹੀਂ ਦੁਰਵਰਤੋਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਅਸੀਂ ਇਹਨਾਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਲਈ ਉਹਨਾਂ ਨਾਲ ਕੰਮ ਕਰਦੇ ਹਾਂ.
ਅਸੀਂ SafetyIDs ਸ਼ੁਰੂ ਕਰਨ ਲਈ ਵੀ ਗਾਹਕਾਂ ਨਾਲ ਕੰਮ ਕਰ ਰਹੇ ਹਾਂ. ਗਾਹਕ ਇਹ ਮੁਹੱਈਆ ਕਰਵਾ ਸਕਦੇ ਹਨ ਤਾਂ ਜੋ ਜਾਂਚ ਦੌਰਾਨ ਅਸੀਂ ਵੱਖ-ਵੱਖ ਅੰਤਿਮ ਵਰਤੋਂਕਾਰਾਂ ਵਿਚਕਾਰ ਫ਼ਰਕ ਕਰ ਸਕੀਏ, ਬਿਨਾਂ OpenAI ਨੂੰ ਉਹਨਾਂ ਦੀ ਪਛਾਣ ਪਤਾ ਲੱਗੇ. SafetyIDs ਨਾਲ, ਅਸੀਂ ਸੰਭਾਵੀ ਦੁਰਵਰਤੋਂ ਵਿਰੁੱਧ ਵਧੇਰੇ ਸਟੀਕ ਕਾਰਵਾਈ ਕਰ ਸਕਦੇ ਹਾਂ ਅਤੇ ਦੂਜਿਆਂ ਦੇ ਕੰਮ ਵਿੱਚ ਪੈਣ ਵਾਲੀ ਰੁਕਾਵਟ ਘਟਾ ਸਕਦੇ ਹਾਂ.
ਅਸੀਂ ਨਿਯਮ ਲਾਗੂ ਕਰਨ ਦੇ ਫ਼ੈਸਲੇ ਦਰਜ ਕੀਤੇ ਵਿਹਾਰ ਅਤੇ ਜੋਖਮ ਦੇ ਆਧਾਰ ’ਤੇ ਲੈਂਦੇ ਹਾਂ, ਆਪਣੇ ਨਿਯਮ ਇਕਸਾਰ ਢੰਗ ਨਾਲ ਲਾਗੂ ਕਰਦੇ ਹਾਂ ਅਤੇ ਹਾਲਾਤ ਦੇ ਅਨੁਪਾਤ ਵਿੱਚ ਕਾਰਵਾਈ ਕਰਦੇ ਹਾਂ. ਜਦੋਂ ਅਸੀਂ ਪਹੁੰਚ ’ਤੇ ਪਾਬੰਦੀਆਂ ਲਾਉਂਦੇ ਹਾਂ, ਤਾਂ ਅਸੀਂ ਉਹਨਾਂ ’ਤੇ ਮੁੜ ਵਿਚਾਰ ਕਰਦੇ ਹਾਂ ਜੇ ਵਿਹਾਰ, ਵਚਨਬੱਧਤਾਵਾਂ ਜਾਂ ਸੁਰੱਖਿਆ ਉਪਾਵਾਂ ਵਿੱਚ ਠੋਸ ਤਬਦੀਲੀਆਂ ਸਾਡੇ ਫ਼ੈਸਲੇ ਦੇ ਪਿੱਛੇ ਦੀਆਂ ਚਿੰਤਾਵਾਂ ਨੂੰ ਦੂਰ ਕਰਦੀਆਂ ਹਨ.
ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ AI ਤੋਂ ਲਾਭ ਉਠਾਉਣ. ਸਪਸ਼ਟ ਨਿਯਮਾਂ ਅਤੇ ਇਕਸਾਰ ਸੁਰੱਖਿਆ ਉਪਾਵਾਂ ਨਾਲ ਡਿਵੈਲਪਰਾਂ ਅਤੇ ਕਾਰੋਬਾਰਾਂ ਲਈ ਨਵੀਆਂ ਚੀਜ਼ਾਂ ਬਣਾਉਣਾ, ਮੁਕਾਬਲਾ ਕਰਨਾ ਅਤੇ ਆਪਣੇ ਲਈ ਸਭ ਤੋਂ ਢੁਕਵੀਆਂ ਸੇਵਾਵਾਂ ਚੁਣਨਾ ਸੌਖਾ ਹੋਣਾ ਚਾਹੀਦਾ ਹੈ.

