OpenAI

OpenAI ਨੇ ਡੈਨ ਡ੍ਰਿਸਕੋਲ ਨੂੰ ਰਾਸ਼ਟਰੀ ਸੁਰੱਖਿਆ ਆਧੁਨਿਕੀਕਰਨ ਲਈ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ

ਡੈਨ ਡ੍ਰਿਸਕੋਲ ਰਾਸ਼ਟਰੀ ਸੁਰੱਖਿਆ ਦੇ ਆਧੁਨਿਕੀਕਰਨ ਲਈ ਸੀਨੀਅਰ ਸਲਾਹਕਾਰ ਵਜੋਂ OpenAI ਵਿੱਚ ਕੰਮ ਕਰਨਗੇ. ਉਹ ਸੀਨੀਅਰ ਲੀਡਰਸ਼ਿਪ ਅਤੇ ਬਾਹਰੀ ਭਾਈਵਾਲਾਂ ਨਾਲ ਮਿਲ ਕੇ ਸਲਾਹ ਦੇਣਗੇ ਕਿ ਉੱਨਤ AI ਰਾਸ਼ਟਰੀ ਅਤੇ ਸਾਈਬਰ ਸੁਰੱਖਿਆ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ. ਉਨ੍ਹਾਂ ਦਾ ਖ਼ਾਸ ਧਿਆਨ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਇਸ ਦੀ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਉੱਤੇ ਹੋਵੇਗਾ.

ਇਸ ਨਵੇਂ ਬਣਾਏ ਅਹੁਦੇ ਉੱਤੇ ਡੈਨ, OpenAI ਦੀਆਂ ਟੀਮਾਂ ਅਤੇ ਸਰਕਾਰਾਂ, ਉਦਯੋਗ, ਅਕਾਦਮਿਕ ਜਗਤ ਤੇ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਨਾਲ ਕੰਮ ਕਰਨਗੇ. ਉਹ ਆਧੁਨਿਕੀਕਰਨ ਦੀਆਂ ਅਮਲੀ ਪਹਿਲਾਂ ਨੂੰ ਅੱਗੇ ਵਧਾਉਣਗੇ ਤਾਂ ਜੋ ਲੋਕਤੰਤਰੀ AI ਦੇ ਨਿਰਮਾਣ ਨੂੰ ਸਮਰਥਨ ਮਿਲੇ. ਉਹ ਦੁਨੀਆ ਭਰ ਦੀਆਂ ਰਾਸ਼ਟਰੀ ਸੁਰੱਖਿਆ ਸੰਸਥਾਵਾਂ ਦੀਆਂ ਸੰਚਾਲਨ ਲੋੜਾਂ ਨੂੰ ਸਮਝਣ ਵਿੱਚ OpenAI ਦੀਆਂ ਅੰਦਰੂਨੀ ਟੀਮਾਂ ਦੀ ਮਦਦ ਵੀ ਕਰਨਗੇ.

ਡੈਨ ਇਸ ਤੋਂ ਪਹਿਲਾਂ ਅਮਰੀਕੀ ਥਲ ਸੈਨਾ ਦੇ 26ਵੇਂ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਸੈਨਾ ਦੀਆਂ ਕਾਰਵਾਈਆਂ, ਆਧੁਨਿਕੀਕਰਨ ਅਤੇ ਸੰਸਾਧਨਾਂ ਦੀ ਨਿਗਰਾਨੀ ਕੀਤੀ. ਉਨ੍ਹਾਂ ਕੋਲ ਫ਼ੌਜੀ ਸੇਵਾ, ਸਰਕਾਰ ਦੇ ਉੱਚ ਪੱਧਰੀ ਅਹੁਦਿਆਂ ਉੱਤੇ ਅਗਵਾਈ ਅਤੇ ਨਿੱਜੀ ਖੇਤਰ ਦਾ ਤਜਰਬਾ ਹੈ.

ਆਪਣੀ ਭੂਮਿਕਾ ਵਿੱਚ, ਡੈਨ ਸਾਡੇ ਜਨਤਕ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨੂੰ ਨੀਤੀ ਅਤੇ ਰਣਨੀਤੀ ਸੰਬੰਧੀ ਫ਼ੈਸਲਿਆਂ ਨੂੰ ਆਧੁਨਿਕ ਲੋੜਾਂ ਅਨੁਸਾਰ ਢਾਲਣ ਬਾਰੇ ਸਲਾਹ ਦੇਣਗੇ, ਤਾਂ ਜੋ ਰਾਸ਼ਟਰੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ AI ਦੀ ਅਮਲੀ ਵਰਤੋਂ ਦੇ ਰਾਹ ਖੋਲ੍ਹੇ ਜਾ ਸਕਣ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕੇ ਕਿ ਦੁਨੀਆ ਲੋਕਤੰਤਰੀ ਸਿਧਾਂਤਾਂ ਦਾ ਸਮਰਥਨ ਕਰਨ ਵਾਲੀ AI ਬਣਾ ਰਹੀ ਹੈ. ਉਹ ਅਜਿਹੇ ਖੇਤਰਾਂ ਦੀ ਪਛਾਣ ਕਰਨ ਲਈ ਕੰਮ ਕਰਨਗੇ ਜਿੱਥੇ ਸੰਚਾਲਨ ਸੰਬੰਧੀ ਲੋੜਾਂ, ਸੰਸਥਾਗਤ ਬਦਲਾਅ ਅਤੇ AI ਦੀਆਂ ਉੱਭਰ ਰਹੀਆਂ ਸਮਰੱਥਾਵਾਂ ਇੱਕ-ਦੂਜੇ ਨਾਲ ਮੇਲ ਖਾਂਦੀਆਂ ਹਨ. ਡੈਨ ਦੀ ਨਿਯੁਕਤੀ ਸਾਂਝੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉੱਨਤ AI ਦੀ ਜ਼ਿੰਮੇਵਾਰ ਵਰਤੋਂ ਕਰਨ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਮਦਦ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਇਹ OpenAI ਵੱਲੋਂ ਆਪਣੇ Daybreakਪ੍ਰੋਗਰਾਮ ਤਹਿਤ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਸਾਈਬਰ ਲਚਕੀਲੇਪਣ ਨੂੰ ਮਜ਼ਬੂਤ ਕਰਨ ਅਤੇ ਜ਼ਰੂਰੀ ਸੇਵਾਵਾਂ ਦੀ ਰੱਖਿਆ ਕਰਨ ਲਈ ਕੀਤੇ ਜਾ ਰਹੇ ਕੰਮ ਨੂੰ ਅੱਗੇ ਵਧਾਉਂਦੀ ਹੈ.

“AI ਨਾਲ ਲੋਕਾਂ ਨੂੰ ਆਪਣੀ ਜ਼ਿੰਦਗੀ ਉੱਤੇ ਵਧੇਰੇ ਅਖ਼ਤਿਆਰ ਮਿਲਣਾ ਚਾਹੀਦਾ ਹੈ ਅਤੇ ਇਸ ਦੇ ਵਿਕਾਸ ਵਿੱਚ ਲੋਕਾਂ ਦੀ ਰਾਏ ਨੂੰ ਅਹਿਮੀਅਤ ਮਿਲਣੀ ਚਾਹੀਦੀ ਹੈ. ਅਮਰੀਕਾ ਕੋਲ ਹੋਰ ਦੇਸ਼ਾਂ ਨਾਲ ਮਿਲ ਕੇ ਲੋਕਤੰਤਰੀ AI ਨੂੰ ਵਿਆਪਕ ਤੌਰ ਉੱਤੇ ਅਪਣਾਏ ਜਾਣ ਲਈ ਕੰਮ ਕਰਨ ਦਾ ਇੱਕ ਬੇਮਿਸਾਲ ਮੌਕਾ ਹੈ. ਅਮਰੀਕੀ ਅਗਵਾਈ ਨੂੰ ਮਜ਼ਬੂਤ ਕਰਨ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਲਈ ਮੈਂ OpenAI ਵਿੱਚ ਡੈਨ ਡ੍ਰਿਸਕੋਲ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ.”
ਸੈਮ ਆਲਟਮੈਨ
“ਮੈਂ ਆਪਣੇ ਪੇਸ਼ੇਵਰ ਜੀਵਨ ਦਾ ਵੱਡਾ ਹਿੱਸਾ ਜਨਤਕ ਸੇਵਾ ਵਿੱਚ ਬਿਤਾਇਆ ਹੈ—ਪਹਿਲਾਂ ਇੱਕ ਫ਼ੌਜੀ ਵਜੋਂ ਅਤੇ ਸਭ ਤੋਂ ਹਾਲ ਹੀ ਵਿੱਚ ਥਲ ਸੈਨਾ ਦੇ ਸਕੱਤਰ ਅਤੇ ATF ਦੇ ਕਾਰਜਕਾਰੀ ਨਿਰਦੇਸ਼ਕ ਵਜੋਂ. ਸੇਵਾ ਨਿਭਾਉਣ ਵਾਲੇ ਲੋਕ ਉਨ੍ਹਾਂ ਸਭ ਤੋਂ ਵਧੀਆ ਟੂਲਾਂ ਦੇ ਹੱਕਦਾਰ ਹਨ ਜੋ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ. ਰਾਸ਼ਟਰੀ ਸੁਰੱਖਿਆ ਦੀਆਂ ਲੋੜਾਂ ਪਿਛਲੇ ਪੰਜਾਹ ਸਾਲਾਂ ਵਿੱਚ ਕਿਸੇ ਵੀ ਸਮੇਂ ਨਾਲੋਂ ਵੱਧ ਤੇਜ਼ੀ ਨਾਲ ਬਦਲ ਰਹੀਆਂ ਹਨ. ਇਹ ਤਕਨਾਲੋਜੀ ਕਾਗ਼ਜ਼ੀ ਕਾਰਵਾਈ ਘਟਾ ਕੇ, ਵਧੇਰੇ ਜਾਣਕਾਰੀ ਨੂੰ ਸਮਝਣ ਵਿੱਚ ਮਦਦ ਕਰਕੇ ਅਤੇ ਸਹੀ ਵਿਅਕਤੀ ਤੱਕ ਸਹੀ ਜਵਾਬ ਛੇਤੀ ਪਹੁੰਚਾ ਕੇ ਉਨ੍ਹਾਂ ਨੂੰ ਇਨ੍ਹਾਂ ਬਦਲਾਵਾਂ ਨਾਲ ਕਦਮ ਮਿਲਾ ਕੇ ਚੱਲਣ ਵਿੱਚ ਮਦਦ ਕਰੇਗੀ. ਮੈਂ OpenAI ਨਾਲ ਜੁੜ ਰਿਹਾ ਹਾਂ ਤਾਂ ਜੋ ਅਮਰੀਕਾ ਅਤੇ ਸਾਡੇ ਸਹਿਯੋਗੀਆਂ ਨੂੰ ਇਹ ਤਕਨਾਲੋਜੀ ਜ਼ਿੰਮੇਵਾਰੀ ਨਾਲ ਵਰਤਣ ਵਿੱਚ ਮਦਦ ਕਰ ਸਕਾਂ—ਉਨ੍ਹਾਂ ਲੋਕਾਂ ਲਈ ਜੋ ਸਾਨੂੰ ਸੁਰੱਖਿਅਤ ਰੱਖਦੇ ਹਨ.”
ਡੈਨ ਡ੍ਰਿਸਕੋਲ

ਡੈਨ ਡ੍ਰਿਸਕੋਲ ਸੰਯੁਕਤ ਰਾਜ ਅਮਰੀਕਾ ਦੀ ਥਲ ਸੈਨਾ ਦੇ 26ਵੇਂ ਸਕੱਤਰ ਸਨ. ਸਕੱਤਰ ਵਜੋਂ ਉਨ੍ਹਾਂ ਨੇ ਸਰਗਰਮ ਸੇਵਾ, ਨੈਸ਼ਨਲ ਗਾਰਡ ਅਤੇ ਰਿਜ਼ਰਵ ਦੇ ਲਗਭਗ ਦਸ ਲੱਖ ਫ਼ੌਜੀਆਂ ਅਤੇ ਥਲ ਸੈਨਾ ਦੇ 265,000 ਤੋਂ ਵੱਧ ਨਾਗਰਿਕ ਕਰਮਚਾਰੀਆਂ ਲਈ ਕਾਰਵਾਈਆਂ, ਆਧੁਨਿਕੀਕਰਨ ਅਤੇ ਸੰਸਾਧਨਾਂ ਦੀ ਵੰਡ ਦੀ ਨਿਗਰਾਨੀ ਕੀਤੀ. ਉਨ੍ਹਾਂ ਨੇ ਥਲ ਸੈਨਾ ਵਿੱਚ ਬਦਲਾਅ ਦੀ ਅਗਵਾਈ ਕੀਤੀ, ਜਿਸ ਦਾ ਮੁੱਖ ਧਿਆਨ ਮੈਦਾਨ ਵਿੱਚ ਨਵੀਂ ਤਕਨਾਲੋਜੀ ਅੰਗੀਕਰਨ ਤੇਜ਼ ਕਰਨ, ਖ਼ਰੀਦ ਪ੍ਰਕਿਰਿਆ ਵਿੱਚ ਸੁਧਾਰ ਕਰਨ ਅਤੇ ਵਧੇਰੇ ਸਮਰੱਥ ਫ਼ੌਜ ਬਣਾਉਣ ਉੱਤੇ ਸੀ. ਸਾਬਕਾ ਫ਼ੌਜੀ ਅਧਿਕਾਰੀ ਅਤੇ ਕਾਰੋਬਾਰੀ ਆਗੂ ਡੈਨ ਕੋਲ ਫ਼ੌਜੀ ਸੇਵਾ, ਕਾਨੂੰਨ ਅਤੇ ਨਿੱਜੀ ਖੇਤਰ ਦਾ ਤਜਰਬਾ ਹੈ.