OpenAI

10 ਨਵੰਬਰ 2026

ਕੰਪਨੀ

ਦੇਖਭਾਲ ਕਰਨ ਵਾਲਿਆਂ ਨੂੰ ਰੋਜ਼ਾਨਾ ਜੀਵਨ ਵਿੱਚ AI ਵਰਤਣ ਵਿੱਚ ਮਦਦ

ਰਾਸ਼ਟਰੀ ਪਰਿਵਾਰਕ ਦੇਖਭਾਲਕਰਤਾ ਮਹੀਨੇ ਦੌਰਾਨ ਪੰਜ ਅਮਰੀਕੀ ਸ਼ਹਿਰਾਂ ਵਿੱਚ ਕੇਅਰਗਿਵਰ ਐਕਸ਼ਨ ਨੈੱਟਵਰਕ, ਅਲਜ਼ਾਈਮਰਜ਼ ਐਸੋਸੀਏਸ਼ਨ ਅਤੇ ਅਮੈਰੀਕਨ ਡਾਇਬੀਟੀਜ਼ ਐਸੋਸੀਏਸ਼ਨ® ਨਾਲ ਮਿਲ ਕੇ ਮੁਫ਼ਤ, ਅਭਿਆਸ-ਆਧਾਰਿਤ ChatGPT ਕਾਰਜਸ਼ਾਲਾਵਾਂ.

ਦੇਖਭਾਲ ਕਰਨ ਦਾ ਮਤਲਬ ਅਕਸਰ ਨੌਕਰੀ ਅਤੇ ਪਰਿਵਾਰਕ ਜੀਵਨ ਵਿਚਕਾਰ ਸੰਤੁਲਨ ਬਣਾਉਂਦਿਆਂ ਸਮਾਂ-ਸਾਰਣੀਆਂ ਸੰਭਾਲਣਾ, ਜਾਣਕਾਰੀ ਦਾ ਧਿਆਨ ਰੱਖਣਾ ਅਤੇ ਸਹਾਇਤਾ ਲੱਭਣਾ ਹੁੰਦਾ ਹੈ. ਰਾਸ਼ਟਰੀ ਪਰਿਵਾਰਕ ਦੇਖਭਾਲਕਰਤਾ ਮਹੀਨੇ ਦੌਰਾਨ ਅਸੀਂ ਦੇਖਭਾਲ ਕਰਨ ਵਾਲਿਆਂ ਨੂੰ ਅਜਿਹੇ AI ਹੁਨਰ ਸਿੱਖਣ ਵਿੱਚ ਮਦਦ ਕਰ ਰਹੇ ਹਾਂ ਜੋ ਰੋਜ਼ਾਨਾ ਦੇ ਕੁਝ ਕੰਮਾਂ ਨੂੰ ਸੌਖਾ ਬਣਾ ਸਕਦੇ ਹਨ, ਤਾਂ ਜੋ ਉਹ ਜਿਨ੍ਹਾਂ ਦੀ ਦੇਖਭਾਲ ਕਰਦੇ ਹਨ, ਉਨ੍ਹਾਂ ਵੱਲ ਵੱਧ ਧਿਆਨ ਦੇ ਸਕਣ.

10 ਨਵੰਬਰ ਨੂੰ OpenAI ਅਕੈਡਮੀ, ਕੇਅਰਗਿਵਰ ਐਕਸ਼ਨ ਨੈੱਟਵਰਕ, ਅਲਜ਼ਾਈਮਰਜ਼ ਐਸੋਸੀਏਸ਼ਨ ਅਤੇ ਅਮੈਰੀਕਨ ਡਾਇਬੀਟੀਜ਼ ਐਸੋਸੀਏਸ਼ਨ® ਦੇ ਸਹਿਯੋਗ ਨਾਲ, ਦੇਖਭਾਲ ਕਰਨ ਵਾਲਿਆਂ ਅਤੇ ਭਾਈਚਾਰਕ ਸਿਹਤ ਲਈ AI ਹੁਨਰ ਸਮਾਗਮ ਕਰਵਾ ਰਹੀ ਹੈ. ਇਹ ਆਹਮੋ-ਸਾਹਮਣੇ ਸਿੱਖਣ ਦਾ ਇੱਕ ਮੁਫ਼ਤ ਮੌਕਾ ਹੈ, ਜਿਸ ਦਾ ਉਦੇਸ਼ ਦੇਖਭਾਲ ਕਰਨ ਵਾਲਿਆਂ ਨੂੰ ChatGPT ਭਰੋਸੇ ਨਾਲ, ਸੁਰੱਖਿਅਤ ਢੰਗ ਨਾਲ ਅਤੇ ਵਿਹਾਰਕ ਕੰਮਾਂ ਲਈ ਵਰਤਣ ਵਿੱਚ ਮਦਦ ਕਰਨਾ ਹੈ. ਦੇਸ਼ ਭਰ ਵਿੱਚ ਹੋਣ ਵਾਲੇ ਇਹ ਸਮਾਗਮ ਅਮਰੀਕਾ ਦੇ ਪੰਜ ਸ਼ਹਿਰਾਂ ਵਿੱਚ ਭਾਗੀਦਾਰਾਂ ਨੂੰ ਇਕੱਠੇ ਕਰਨਗੇ. ਇਨ੍ਹਾਂ ਵਿੱਚ ਨਿੱਜੀ ਤੌਰ ’ਤੇ ਜਾਂ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨ ਵਾਲੇ, ਉਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਅਤੇ ਲੰਮੇ ਸਮੇਂ ਦੀਆਂ ਜਾਂ ਗੰਭੀਰ ਬਿਮਾਰੀਆਂ ਨਾਲ ਜੀ ਰਹੇ ਲੋਕ ਸ਼ਾਮਲ ਹੋਣਗੇ:

  • ਓਕਲੈਂਡ, ਕੈਲੀਫ਼ੋਰਨੀਆ

  • ਟੈਂਪਾ, ਫ਼ਲੋਰੀਡਾ

  • ਪਿਟਸਬਰਗ, ਪੈਨਸਿਲਵੇਨੀਆ

  • ਅਟਲਾਂਟਾ, ਜਾਰਜੀਆ

  • ਡਿਟਰੌਇਟ, ਮਿਸ਼ੀਗਨ

OpenAI ਦੇ ਇੱਕ ਵਿਸ਼ਲੇਸ਼ਣ ਦਾ ਅਨੁਮਾਨ ਹੈ ਕਿ ਅਮਰੀਕਾ ਵਿੱਚ ਹਰ ਹਫ਼ਤੇ ChatGPT ’ਤੇ ਸਿਹਤ ਸੰਭਾਲ ਬਾਰੇ ਭੇਜੇ ਜਾਣ ਵਾਲੇ 4 ਕਰੋੜ ਤੋਂ ਵੱਧ ਸੁਨੇਹਿਆਂ ਵਿੱਚ ਕਿਸੇ ਹੋਰ ਵਿਅਕਤੀ ਦੀ ਸਿਹਤ ਸੰਭਾਲ ਬਾਰੇ ਪੁੱਛਿਆ ਜਾਂਦਾ ਹੈ1. ਕਾਰਜਸ਼ਾਲਾਵਾਂ ਵਿੱਚ ਭਾਗੀਦਾਰ ਜਾਣਨਗੇ ਕਿ ChatGPT ਸਰੋਤ ਲੱਭਣ ਅਤੇ ਸਮਝਣ, ਸਾਥੀਆਂ ਤੋਂ ਸਹਿਯੋਗ ਲੈਣ ਅਤੇ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ ਕਰਨ ਵਿੱਚ ਕਿਵੇਂ ਮਦਦ ਕਰ ਸਕਦਾ ਹੈ. ਉਹ ਇਹ ਵੀ ਸਿੱਖਣਗੇ ਕਿ ਕਿਵੇਂ:

  • ਦੇਖਭਾਲ ਕਰਨ ਵਾਲਿਆਂ ਦੀਆਂ ਸਮਾਂ-ਸਾਰਣੀਆਂ ਅਤੇ ਜਾਂਚ-ਸੂਚੀਆਂ ਤਿਆਰ ਕਰਨੀਆਂ ਹਨ

  • ਭਰੋਸੇਯੋਗ ਸਿੱਖਿਆ ਸਰੋਤਾਂ ਨੂੰ ਸੌਖੀ ਭਾਸ਼ਾ ਵਾਲੀ ਸਮੱਗਰੀ ਵਿੱਚ ਬਦਲਣਾ ਹੈ

  • ਭਾਈਚਾਰੇ ਵਿੱਚ ਉਪਲਬਧ ਸਰੋਤ ਲੱਭਣੇ ਹਨ

  • ਸਹਾਇਤਾ ਸਮੂਹਾਂ ਵਿੱਚ ਚਰਚਾ ਲਈ ਮਾਰਗਦਰਸ਼ਕ ਤਿਆਰ ਕਰਨੇ ਹਨ

ਭਾਗੀਦਾਰ AI ਨੂੰ ਜ਼ਿੰਮੇਵਾਰੀ ਨਾਲ ਵਰਤਣਾ ਵੀ ਸਿੱਖਣਗੇ, ਜਿਸ ਵਿੱਚ ਨਿੱਜੀ ਜਾਣਕਾਰੀ ਦੀ ਰੱਖਿਆ ਕਰਨਾ ਅਤੇ ਇਨ੍ਹਾਂ ਸਾਧਨਾਂ ਦੀਆਂ ਹੱਦਾਂ ਨੂੰ ਸਮਝਣਾ ਸ਼ਾਮਲ ਹੈ. ਭਾਗੀਦਾਰ ਇਹ ਵੀ ਸਿੱਖਣਗੇ ਕਿ ਸਿਹਤ ਮਾਹਰਾਂ ਨਾਲ ਕਦੋਂ ਸਲਾਹ ਕਰਨੀ ਚਾਹੀਦੀ ਹੈ ਅਤੇ AI ਸਾਧਨਾਂ ਨੂੰ ਡਾਕਟਰੀ, ਕਾਨੂੰਨੀ ਜਾਂ ਵਿੱਤੀ ਸਲਾਹ ਦੇ ਪੂਰਕ ਵਜੋਂ ਕਿਵੇਂ ਵਰਤਣਾ ਚਾਹੀਦਾ ਹੈ, ਨਾ ਕਿ ਉਸ ਦੀ ਥਾਂ ਲੈਣ ਲਈ. OpenAI ਦੇ ਸਿਖਲਾਈ ਸੰਚਾਲਕ ਅਤੇ ਮਾਰਗਦਰਸ਼ਕ ਕਾਰਜਸ਼ਾਲਾਵਾਂ ਦੌਰਾਨ ਅਭਿਆਸ ਕਰਨ ਵਿੱਚ ਮਦਦ ਕਰਨਗੇ. ਕੋਡ ਲਿਖਣ ਜਾਂ ਤਕਨੀਕੀ ਕੰਮ ਦਾ ਕੋਈ ਪਿਛਲਾ ਤਜਰਬਾ ਲੋੜੀਂਦਾ ਨਹੀਂ ਹੈ.

4 ਵਿੱਚੋਂ 1
“AI ਇੱਕ ਅਜਿਹਾ ਸਾਧਨ ਹੈ ਜਿਸ ਨਾਲ ਲੋਕ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ’ਤੇ ਵਧੇਰੇ ਕਾਬੂ ਰੱਖ ਸਕਦੇ ਹਨ. ਦੇਖਭਾਲ ਕਰਨ ਵਾਲਿਆਂ ਲਈ ਇਸ ਦਾ ਮਤਲਬ ਹੋ ਸਕਦਾ ਹੈ ਸਮਾਂ-ਸਾਰਣੀਆਂ ਬਣਾਉਣ ਅਤੇ ਜਾਣਕਾਰੀ ਲੱਭਣ ਵਿੱਚ ਘੱਟ ਸਮਾਂ ਲਾਉਣਾ ਅਤੇ ਜਿਨ੍ਹਾਂ ਦੀ ਉਹ ਦੇਖਭਾਲ ਕਰਦੇ ਹਨ, ਉਨ੍ਹਾਂ ਵੱਲ ਵੱਧ ਧਿਆਨ ਦੇਣਾ. ਭਰੋਸੇਯੋਗ ਭਾਈਚਾਰਕ ਸੰਸਥਾਵਾਂ ਨਾਲ ਮਿਲ ਕੇ ਅਸੀਂ ਦੇਖਭਾਲ ਕਰਨ ਵਾਲਿਆਂ ਨੂੰ ਹੁਨਰ ਅਤੇ ਭਰੋਸਾ ਵਿਕਸਿਤ ਕਰਨ ਵਿੱਚ ਮਦਦ ਕਰ ਰਹੇ ਹਾਂ, ਤਾਂ ਜੋ ਉਹ ਇਨ੍ਹਾਂ ਸਾਧਨਾਂ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਕੰਮਾਂ ਵਿੱਚ ਵਰਤ ਸਕਣ.”
— ਕ੍ਰਿਸ ਲਿਹੇਨ, OpenAI ਦੇ ਮੁੱਖ ਗਲੋਬਲ ਅਫੇਅਰਜ਼ ਅਧਿਕਾਰੀ

ਇਹ ਸਮਾਗਮ ਸਿੱਖਣ ਦੇ ਇਸ ਮੌਕੇ ਨੂੰ ਸਥਾਨਕ ਭਾਈਚਾਰਿਆਂ ਤੱਕ ਲਿਆਉਂਦਾ ਹੈ. ਇੱਥੇ ਦੇਖਭਾਲ ਕਰਨ ਵਾਲੇ ਆਪਣੇ ਸਾਥੀਆਂ ਨਾਲ ਅਭਿਆਸ ਕਰ ਸਕਦੇ ਹਨ ਅਤੇ ਰੋਜ਼ਾਨਾ ਦੀਆਂ ਉਹ ਚੁਣੌਤੀਆਂ ਸਾਂਝੀਆਂ ਕਰ ਸਕਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਵਿੱਚ ਉਹ ਇਨ੍ਹਾਂ ਸਾਧਨਾਂ ਤੋਂ ਮਦਦ ਦੀ ਉਮੀਦ ਰੱਖਦੇ ਹਨ. ਸਾਡੇ ਭਾਈਵਾਲਾਂ ਕੋਲ ਗੰਭੀਰ ਬਿਮਾਰੀਆਂ ਨਾਲ ਜੀ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਡੂੰਘੀ ਮੁਹਾਰਤ ਅਤੇ ਤਜਰਬਾ ਹੈ. ਉਨ੍ਹਾਂ ਦੇ ਅਤੇ ਖ਼ੁਦ ਦੇਖਭਾਲ ਕਰਨ ਵਾਲਿਆਂ ਦੇ ਨਜ਼ਰੀਏ, ਉਸ ਦਿਨ ਦੀ ਸਿੱਖਿਆ ਨੂੰ ਹਰ ਭਾਈਚਾਰੇ ਦੀਆਂ ਲੋੜਾਂ ਨਾਲ ਜੋੜਨ ਵਿੱਚ ਮਦਦ ਕਰਨਗੇ.

AI ਹੁਨਰ ਸਮਾਗਮ, AI ਨੂੰ ਹਰ ਕਿਸੇ ਲਈ ਵਿਹਾਰਕ ਅਤੇ ਪਹੁੰਚਯੋਗ ਬਣਾਉਣ ਵਾਸਤੇ OpenAI ਅਕੈਡਮੀ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ. ਇਹ ਉਨ੍ਹਾਂ ਪਿਛਲੇ ਸਮਾਗਮਾਂ ਦੀ ਲੜੀ ਨੂੰ ਅੱਗੇ ਵਧਾਉਂਦਾ ਹੈ ਜੋ ਅਸੀਂ ਗ਼ੈਰ-ਮੁਨਾਫ਼ਾ ਸੰਸਥਾਵਾਂ, ਛੋਟੇ ਕਾਰੋਬਾਰਾਂ, ਕਿੰਡਰਗਾਰਟਨ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਅਧਿਆਪਕਾਂ ਅਤੇ ਬਜ਼ੁਰਗਾਂ ਨਾਲ ਕਰਵਾਏ ਹਨ.

ਅਸੀਂ ਕੇਅਰਗਿਵਰ ਐਕਸ਼ਨ ਨੈੱਟਵਰਕ, ਅਲਜ਼ਾਈਮਰਜ਼ ਐਸੋਸੀਏਸ਼ਨ, ਅਮੈਰੀਕਨ ਡਾਇਬੀਟੀਜ਼ ਐਸੋਸੀਏਸ਼ਨ® ਅਤੇ ਦੇਸ਼ ਭਰ ਵਿੱਚ ਸਾਡੇ ਨਾਲ ਜੁੜ ਰਹੇ ਦੇਖਭਾਲ ਕਰਨ ਵਾਲਿਆਂ ਅਤੇ ਭਾਈਚਾਰਕ ਸਿਹਤ ਸੰਸਥਾਵਾਂ ਦੇ ਸ਼ੁਕਰਗੁਜ਼ਾਰ ਹਾਂ. ਉਨ੍ਹਾਂ ਦੇ ਸਵਾਲ, ਵਿਚਾਰ ਅਤੇ ਤਜਰਬੇ ਭਵਿੱਖ ਦੇ ਸਿੱਖਣ ਸਰੋਤਾਂ ਨੂੰ ਰੂਪ ਦੇਣ ਵਿੱਚ ਮਦਦ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਇਹ ਸਾਧਨ ਦੂਜਿਆਂ ਦੀ ਸਹਾਇਤਾ ਕਰਨ ਦੇ ਰੋਜ਼ਾਨਾ ਕੰਮ ਵਿੱਚ ਲਾਹੇਵੰਦ ਹੋਣ.

ਲੇਖਕ

OpenAI

ਪੈਰ-ਟਿੱਪਣੀਆਂ

  1. 1

    ਇਹ 9–29 ਅਕਤੂਬਰ, 2026 ਦੌਰਾਨ ChatGPT ਦੀ ਵਰਤੋਂ ਦੇ ਅਜਿਹੇ ਅਨੁਮਾਨ ਤੋਂ ਲਿਆ ਗਿਆ ਹੈ ਜਿਸ ਵਿੱਚ ਨਿੱਜਤਾ ਦੀ ਰੱਖਿਆ ਕੀਤੀ ਗਈ ਹੈ