OpenAI

26 ਅਕਤੂਬਰ 2026

OpenAI 'ਤੇ OpenAI

ਅਲਟ੍ਰਾਫਾਸਟ ਨਾਲ OpenAI ਵਿੱਚ ਘਟਨਾਵਾਂ ਦੀ ਜਾਂਚ ਦਾ ਸਮਾਂ ਘੰਟਿਆਂ ਤੋਂ ਮਿੰਟਾਂ ਤੱਕ ਕਿਵੇਂ ਘਟਾਇਆ

ਇਹ ਸਾਡੀ ਉਸ ਲੜੀ ਦਾ ਹਿੱਸਾ ਹੈ ਜਿਸ ਵਿੱਚ ਅਸੀਂ ਸਾਂਝਾ ਕਰਦੇ ਹਾਂ ਕਿ OpenAI ਆਪਣੀ ਤਕਨਾਲੋਜੀ ਅਤੇ APIs ਦੀ ਅੰਦਰੂਨੀ ਤੌਰ ’ਤੇ ਕਿਵੇਂ ਵਰਤੋਂ ਕਰਦਾ ਹੈ. ਇਹ ਟੂਲ OpenAI ਦੇ ਅੰਦਰ ਵਰਤੇ ਜਾ ਰਹੇ ਹਨ. ਇੱਥੇ ਇਹਨਾਂ ਦੀਆਂ ਮਿਸਾਲਾਂ ਰਾਹੀਂ ਦਿਖਾਇਆ ਗਿਆ ਹੈ ਕਿ ਅਤਿ-ਆਧੁਨਿਕ AI ਸਾਡੀਆਂ ਵੱਖ-ਵੱਖ ਟੀਮਾਂ ਦੇ ਕੰਮਾਂ ਵਿੱਚ ਕਿਵੇਂ ਮਦਦ ਕਰ ਰਹੀ ਹੈ.

ਅਲਟ੍ਰਾਫਾਸਟ, Codex ਦਾ ਇੱਕ ਤੇਜ਼ ਰਫ਼ਤਾਰ ਵਾਲਾ ਮੋਡ ਹੈ. OpenAI ਦੇ ਇੰਜੀਨੀਅਰ ਹੁਣ ਘਟਨਾਵਾਂ ਨਾਲ ਨਜਿੱਠਣ ਲਈ ਆਮ ਤੌਰ ’ਤੇ ਇਸੇ ਨੂੰ ਵਰਤਦੇ ਹਨ. ਜਦੋਂ ਕੋਈ ਖ਼ਰਾਬੀ ਆਉਂਦੀ ਹੈ, ਤਾਂ ਇੰਜੀਨੀਅਰਾਂ ਕੋਲ ਅਕਸਰ ਜਵਾਬ ਲਈ ਕਈ ਮਿੰਟ ਉਡੀਕਣ ਦਾ ਸਮਾਂ ਨਹੀਂ ਹੁੰਦਾ, ਕਿਉਂਕਿ ਇਸ ਦੌਰਾਨ ਸਮੱਸਿਆ ਹੋਰ ਵਧਦੀ ਜਾਂਦੀ ਹੈ. ਅਲਟ੍ਰਾਫਾਸਟ ਨਾਲ ਉਹ ਇੱਕੋ ਵੇਲੇ ਕਈ ਸੰਭਾਵੀ ਕਾਰਨਾਂ ਦੀ ਜਾਂਚ ਕਰ ਸਕਦੇ ਹਨ ਅਤੇ ਆਪਣਾ ਧਿਆਨ ਵੰਡੇ ਬਿਨਾਂ ਜਵਾਬ ਲੈ ਸਕਦੇ ਹਨ.

“ਜੇ ਤੁਸੀਂ ਦੋ ਇੱਕੋ ਜਿਹੀ ਬੁੱਧੀ ਵਾਲੇ ਵਿਅਕਤੀਆਂ ਦੀ ਤੁਲਨਾ ਕਰੋ, ਜਿਨ੍ਹਾਂ ਵਿੱਚੋਂ ਇੱਕ ਤੁਹਾਨੂੰ ਇੱਕ ਘੰਟੇ ਵਿੱਚ ਜਵਾਬ ਦਿੰਦਾ ਹੈ ਅਤੇ ਦੂਜਾ ਇੱਕ ਮਿੰਟ ਵਿੱਚ, ਤਾਂ ਦੂਜਾ ਵਿਅਕਤੀ ਕਿਤੇ ਬਿਹਤਰ ਹੈ. ਜੋ ਵਿਅਕਤੀ ਜਲਦੀ ਜਵਾਬ ਦਿੰਦਾ ਹੈ, ਉਸ ਨਾਲ ਤੁਸੀਂ ਕਾਫ਼ੀ ਜ਼ਿਆਦਾ ਕੰਮ ਕਰ ਸਕੋਗੇ.”
—ਐਡਮ ਪੈਰੀ, ਤਕਨੀਕੀ ਸਟਾਫ਼ ਦੇ ਮੈਂਬਰ, OpenAI

ਨਾੜ ਦੇ ਢੇਰ ਵਿੱਚੋਂ ਸੂਈ ਲੱਭਣਾ

OpenAI ਦੇ ਤਕਨੀਕੀ ਸਟਾਫ਼ ਦੇ ਮੈਂਬਰ ਐਰਨ ਫ੍ਰੀਲ ਆਮ ਤੌਰ ’ਤੇ ਕਿਸੇ ਘਟਨਾ ਨਾਲ ਨਜਿੱਠਣ ਦੀ ਅਗਵਾਈ ਕਰਦੇ ਹਨ. ਉਹ ਘਟਨਾ ਨਾਲ ਨਜਿੱਠਣ ਲਈ ਇੱਕ Slack ਚੈਨਲ ਬਣਾਉਂਦੇ ਹਨ ਅਤੇ ਫਿਰ Codex ਨੂੰ ਸਮੱਸਿਆ ’ਤੇ ਲਾਉਂਦੇ ਹਨ. ਉਹ Codex ਨੂੰ ਨਿਗਰਾਨੀ ਕਰਨ, ਜਾਂਚ ਕਰਨ ਅਤੇ ਆਉਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਕਹਿੰਦੇ ਹਨ. ਉਹ ਕਹਿੰਦੇ ਹਨ, “ਕਿਸੇ ਵੀ ਘਟਨਾ ਵਿੱਚ ਆਮ ਤੌਰ ’ਤੇ ਪ੍ਰਕਿਰਿਆ ਦੇ ਕਈ ਪੜਾਵਾਂ ’ਤੇ ਕੁਝ ਗ਼ਲਤ ਹੋਇਆ ਹੋ ਸਕਦਾ ਹੈ. ਨਾੜ ਦੇ ਢੇਰ ਵਿੱਚੋਂ ਸੂਈ ਲੱਭਣਾ ਹੀ ਉਸ ਚੈਨਲ ’ਤੇ ਮੌਜੂਦ ਲੋਕਾਂ ਦਾ ਮੁੱਖ ਕੰਮ ਹੁੰਦਾ ਹੈ.” “ਅਲਟ੍ਰਾਫਾਸਟ ਨਾਲ, ਮੈਂ ਅਸਲ ਵਿੱਚ ਇਹਨਾਂ ਸਾਰੀਆਂ ਥਾਵਾਂ ਦੀ ਇੱਕੋ ਵੇਲੇ ਛਾਣਬੀਣ ਕਰ ਸਕਦਾ ਹਾਂ ਅਤੇ ਘਟਨਾਵਾਂ ’ਤੇ ਕਿਤੇ ਤੇਜ਼ੀ ਨਾਲ ਕਾਰਵਾਈ ਕਰ ਸਕਦਾ ਹਾਂ.”

ਤਕਨੀਕੀ ਸਟਾਫ਼ ਦੇ ਮੈਂਬਰ ਅਤੇ ਡਾਟਾ ਸੈਂਟਰ ਸੁਰੱਖਿਆ ਆਰਕੀਟੈਕਟ AJ ਟ੍ਰਬੋਯੇਵਿਚ ਦੱਸਦੇ ਹਨ ਕਿ ਸੁਰੱਖਿਆ ਸਮੱਸਿਆਵਾਂ ਦੀ ਜਾਂਚ ਕਰਨ ਲਈ ਪਹਿਲਾਂ ਢਾਂਚਾਬੱਧ ਅਤੇ ਗ਼ੈਰ-ਢਾਂਚਾਬੱਧ ਡਾਟਾ ਇਕੱਠਾ ਕਰਨ, ਉਸ ਨੂੰ ਇਕਸਾਰ ਰੂਪ ਦੇਣ ਅਤੇ ਫ਼ੈਸਲਾ ਲੈਣ ਲਈ ਲੋੜੀਂਦਾ ਸੰਦਰਭ ਮੁਹੱਈਆ ਕਰਵਾਉਣ ਵਿੱਚ ਇੱਕ-ਦੋ ਘੰਟੇ ਲੱਗ ਜਾਂਦੇ ਸਨ. ਉਹ ਕਹਿੰਦੇ ਹਨ, “ਹੁਣ ਇਹ ਕੰਮ 10 ਤੋਂ 15 ਮਿੰਟਾਂ ਵਿੱਚ ਹੋ ਜਾਂਦਾ ਹੈ. ਅਤੇ ਕਈ ਵਾਰ ਤਾਂ ਲਗਭਗ ਉਸੇ ਵੇਲੇ ਹੋ ਜਾਂਦਾ ਹੈ.”

ਐਡਮ ਪੈਰੀ ਅਤੇ ਸਾਯਨ ਸਿਸੋਦੀਆ ਦੋਵੇਂ ਕੋਰ ਏਜੰਟ ਟੀਮ ਵਿੱਚ ਕੰਮ ਕਰਦੇ ਹਨ. ਉਹ ਅਜਿਹਾ ਕੋਡ ਤਿਆਰ ਕਰਦੇ ਹਨ, ਜਿਸ ਨਾਲ Codex ਕਾਰਵਾਈਆਂ ਕਰ ਸਕਦਾ ਹੈ, ਕਮਾਂਡਾਂ ਚਲਾ ਸਕਦਾ ਹੈ ਅਤੇ ਟੂਲਾਂ ਦੀ ਵਰਤੋਂ ਕਰ ਸਕਦਾ ਹੈ. ਅਲਟ੍ਰਾਫਾਸਟ ਨੇ ਸੁਰੱਖਿਆ ਘਟਨਾਵਾਂ ਦੌਰਾਨ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ. ਐਡਮ ਕਹਿੰਦੇ ਹਨ, “ਪਹਿਲਾਂ, ਮੈਂ Codex ਨੂੰ ਕਿਸੇ ਚੀਜ਼ ਦੀ ਜਾਂਚ ਕਰਨ ਲਈ ਕਹਿੰਦਾ ਸੀ ਅਤੇ ਉਸੇ ਸਮੇਂ ਖ਼ੁਦ ਵੀ ਜਾਂਚ ਕਰਨ ਲੱਗ ਜਾਂਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਸਿਰਫ਼ ਉਡੀਕ ਕਰਨ ਨਾਲ ਕੰਮ ਨਹੀਂ ਚੱਲਣਾ ਸੀ, ਕਿਉਂਕਿ Codex ਕਾਫ਼ੀ ਤੇਜ਼ ਨਹੀਂ ਸੀ. ਹੁਣ ਅਲਟ੍ਰਾਫਾਸਟ ਨਾਲ Codex ਇੰਨਾ ਤੇਜ਼ ਹੈ ਕਿ ਮੈਂ ਆਪਣਾ ਧਿਆਨ ਵੰਡਣ ਦੀ ਬਜਾਏ ਪੂਰੀ ਤਰ੍ਹਾਂ ਕੰਮ ’ਤੇ ਕੇਂਦਰਿਤ ਰਹਿ ਸਕਦਾ ਹਾਂ.”

ਸਾਯਨ ਨੂੰ ਅਲਟ੍ਰਾਫਾਸਟ ਦੀ ਇਹ ਗੱਲ ਪਸੰਦ ਹੈ ਕਿ ਇਸ ਨਾਲ ਕਈ ਡਾਟਾ ਸਰੋਤਾਂ ਤੋਂ ਤੁਰੰਤ ਜਵਾਬ ਮਿਲ ਜਾਂਦੇ ਹਨ. ਉਹ ਕਹਿੰਦੇ ਹਨ, “ਕਿਸੇ ਘਟਨਾ ਵੇਲੇ ਲੌਗਾਂ ਦੀ ਛਾਣਬੀਣ ਤੋਂ ਇਲਾਵਾ, ਮੈਂ Codex ਨਾਲ Slack ਵੀ ਖੰਗਾਲਦਾ ਹਾਂ. ਮੈਂ ਦੇਖਦਾ ਹਾਂ ਕਿ ਕਿਤੇ ਸ਼ੱਕੀ ਤਬਦੀਲੀਆਂ ਦਾ ਜ਼ਿਕਰ ਤਾਂ ਨਹੀਂ ਜਾਂ Slack ’ਤੇ ਹੋਰ ਕਿਤੇ ਲੋਕ ਇਸੇ ਤਰ੍ਹਾਂ ਦੇ ਲੱਛਣਾਂ ਬਾਰੇ ਗੱਲ ਤਾਂ ਨਹੀਂ ਕਰ ਰਹੇ.”

30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਜਵਾਬ

ਤਕਨੀਕੀ ਸਟਾਫ਼ ਦੇ ਇੱਕ ਹੋਰ ਮੈਂਬਰ ਜੈੱਫ ਨਿਊ ਦੱਸਦੇ ਹਨ ਕਿ ਜੇ AI ਨਾਲ ਜਵਾਬ ਲੱਭਣ ਵਿੱਚ 30 ਸਕਿੰਟਾਂ ਤੋਂ ਵੱਧ ਲੱਗਣ, ਤਾਂ ਉਹ Slack ਦੇਖਣ ਲੱਗ ਪੈਂਦੇ ਹਨ ਜਾਂ ਕਿਸੇ ਸਹਿਕਰਮੀ ਨਾਲ ਗੱਲ ਕਰਨ ਲੱਗ ਜਾਂਦੇ ਹਨ. ਪਰ ਅਲਟ੍ਰਾਫਾਸਟ ਨਾਲ ਹੁਣ ਉਨ੍ਹਾਂ ਦੇ ਜ਼ਿਆਦਾਤਰ ਕੰਮ ਇਸ ਤੋਂ ਘੱਟ ਸਮੇਂ ਵਿੱਚ ਹੋ ਜਾਂਦੇ ਹਨ. ਪਹਿਲਾਂ ਉਹ Codex ਨੂੰ ਸਵਾਲ ਪੁੱਛਦੇ ਸਨ ਅਤੇ ਜਵਾਬ ਤਿਆਰ ਹੋਣ ਦੌਰਾਨ ਕਿਸੇ ਹੋਰ ਕੰਮ ਵੱਲ ਲੱਗ ਜਾਂਦੇ ਸਨ. ਵਾਪਸ ਆਉਣ ਤੱਕ ਉਨ੍ਹਾਂ ਦੀ ਸੋਚ ਦਾ ਸਿਲਸਿਲਾ ਟੁੱਟ ਚੁੱਕਾ ਹੁੰਦਾ ਸੀ. ਹੁਣ ਇਹ ਗੱਲਬਾਤ ਬਿਨਾਂ ਉਡੀਕ ਦੇ ਹੁੰਦੀ ਹੈ, ਜਿਸ ਨਾਲ ਉਹ ਹੱਥਲੇ ਕੰਮ ’ਤੇ ਧਿਆਨ ਕੇਂਦਰਿਤ ਰੱਖ ਸਕਦੇ ਹਨ.

ਅਲਟ੍ਰਾਫਾਸਟ ਕਾਰਨ ਜੈੱਫ ਹੁਣ ਵੱਡੇ ਪੱਧਰ ’ਤੇ ਕੋਡ ਨੂੰ ਮੁੜ ਵਿਵਸਥਿਤ ਕਰਨ ਵਾਲੇ ਕੰਮ ਵੀ ਵਧੇਰੇ ਆਸਾਨੀ ਨਾਲ ਕਰਨ ਲਈ ਤਿਆਰ ਰਹਿੰਦੇ ਹਨ, ਕਿਉਂਕਿ ਮੌਜੂਦਾ ਕੋਡ ਨੂੰ ਮੁੜ ਤਿਆਰ ਕਰਨ ਵਿੱਚ ਘੱਟ ਸਮਾਂ ਲੱਗਦਾ ਹੈ. ਉਹ ਕਹਿੰਦੇ ਹਨ, “ਹੁਣ ਤਕਨੀਕੀ ਕਰਜ਼ੇ ਨੂੰ ਘਟਾਉਣਾ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਆਸਾਨ ਹੈ. ਕੋਡ ਲਿਖਣਾ ਸਸਤਾ ਹੈ ਅਤੇ ਹੁਣ ਇਸ ਨੂੰ ਬਹੁਤ ਤੇਜ਼ੀ ਨਾਲ ਤਿਆਰ ਕੀਤਾ ਜਾ ਸਕਦਾ ਹੈ. ਜਿਸ ਕੋਡ ਨੂੰ ਮੁੜ ਵਿਵਸਥਿਤ ਕਰਨ ਵਿੱਚ ਪਹਿਲਾਂ ਕਾਫ਼ੀ ਸਮਾਂ ਲੱਗਦਾ ਸੀ, ਉਹ ਹੁਣ ਲਗਭਗ ਤੁਰੰਤ ਹੋ ਜਾਂਦਾ ਹੈ.”

ਸਹਾਇਕ ਵਜੋਂ ਕੰਮ ਕਰਨਾ

ਐਡਮ Codex ਨਾਲ ਇੱਕ ਲਗਾਤਾਰ ਗੱਲਬਾਤ ਜਾਰੀ ਰੱਖਦੇ ਹਨ, ਜਿਸ ਨੂੰ ਉਹ ਆਪਣਾ ਚੀਫ਼ ਆਫ਼ ਸਟਾਫ਼ ਕਹਿੰਦੇ ਹਨ. ਹਰ ਸਵੇਰ ਇਹ ਉਨ੍ਹਾਂ ਨੂੰ ਦੱਸਦਾ ਹੈ ਕਿ ਕਿਹੜੀਆਂ ਮੀਟਿੰਗਾਂ ਹਨ ਅਤੇ ਕਿਹੜੇ ਸੁਨੇਹਿਆਂ ਦਾ ਜਵਾਬ ਦੇਣਾ ਸ਼ਾਇਦ ਉਹ ਭੁੱਲ ਗਏ ਹਨ. ਉਹ ਕਹਿੰਦੇ ਹਨ, “ਉਹ ਸਾਰ ਲਿਖਣ ਲਈ ਇਹ ਪਹਿਲਾਂ ਹੀ ਸਾਰਾ ਡਾਟਾ ਦੇਖ ਚੁੱਕਾ ਹੁੰਦਾ ਹੈ. ਇਸ ਲਈ ਜਦੋਂ ਮੈਂ ਅੱਗੇ ਕੋਈ ਸਵਾਲ ਪੁੱਛਦਾ ਹਾਂ, ਤਾਂ ਇਸ ਨੂੰ ਹੋਰ ਜਾਣਕਾਰੀ ਲਿਆਉਣ ਲਈ ਸਮਾਂ ਨਹੀਂ ਲਾਉਣਾ ਪੈਂਦਾ.” “ਮੈਂ ਉਸੇ ਗੱਲਬਾਤ ਵਿੱਚ ਲਗਾਤਾਰ ਸਵਾਲ ਪੁੱਛ ਸਕਦਾ ਹਾਂ, ਬਿਲਕੁਲ ਜਿਵੇਂ ਕਿਸੇ ਅਸਲ ਮੁੱਖ ਸਹਾਇਕ ਨੂੰ ਪੁੱਛਦਾ ਹਾਂ.”

ਸਾਯਨ ਬ੍ਰਾਊਜ਼ਰ ਵਿੱਚ ਹੱਥੀਂ ਕਰਨ ਵਾਲੇ ਉਬਾਊ ਕੰਮਾਂ, ਜਿਵੇਂ ਫਾਰਮ ਭਰਨ, ਲਈ Codex ਵਰਤਦੇ ਹਨ. ਪਹਿਲਾਂ ਉਹ ਇਸ ਤੋਂ ਗੁਰੇਜ਼ ਕਰਦੇ ਸਨ ਕਿਉਂਕਿ ਇਹ ਬਹੁਤ ਹੌਲੀ ਸੀ. ਉਹ ਕਹਿੰਦੇ ਹਨ, “ਇਹ ਬ੍ਰਾਊਜ਼ਰ ਖੋਲ੍ਹਦਾ ਸੀ, ਪੰਜ ਸਕਿੰਟ ਸੋਚਦਾ ਰਹਿੰਦਾ ਸੀ, ਕਿਸੇ ਚੀਜ਼ ’ਤੇ ਕਲਿੱਕ ਕਰਦਾ ਸੀ ਤੇ ਫਿਰ ਰੁਕ ਜਾਂਦਾ ਸੀ.” ਨਵੇਂ ਮਾਡਲਾਂ ਦੀ ਕੰਪਿਊਟਰ ਵਰਤਣ ਦੀ ਸਮਰੱਥਾ ਵਿੱਚ ਸੁਧਾਰ ਆਉਣ ਨਾਲ, ਹੁਣ ਉਹ ਇਹ ਕੰਮ Codex ਨੂੰ ਸੌਂਪਣ ਵਿੱਚ ਵਧੇਰੇ ਸਹਿਜ ਮਹਿਸੂਸ ਕਰਦੇ ਹਨ. “ਹੁਣ ਮੈਨੂੰ ਇਸ ਤੋਂ ਬ੍ਰਾਊਜ਼ਰ ਵਿੱਚ ਕਲਿੱਕ ਕਰਵਾ ਕੇ ਕੰਮ ਕਰਾਉਣ ਵਿੱਚ ਕੋਈ ਝਿਜਕ ਨਹੀਂ. ਇਹ ਇੰਨਾ ਤੇਜ਼ ਹੈ ਕਿ ਖ਼ੁਦ ਕੰਮ ਕਰਨ ਦੀ ਥਾਂ ਇਸ ਨੂੰ ਸੌਂਪਣ ਨਾਲ ਮੇਰਾ ਸਮਾਂ ਬਰਬਾਦ ਨਹੀਂ ਹੁੰਦਾ.”

ਘਟਨਾਵਾਂ ਨਾਲ ਨਜਿੱਠਣ, ਰੋਜ਼ਾਨਾ ਦੀ ਯੋਜਨਾ ਬਣਾਉਣ ਅਤੇ ਕੋਡ ਦਾ ਢਾਂਚਾ ਸੁਧਾਰਨ ਤੱਕ, ਅਲਟ੍ਰਾਫਾਸਟ ਨਾਲ OpenAI ਦਾ ਤਕਨੀਕੀ ਸਟਾਫ਼ Codex ਨਾਲ ਓਨੀ ਹੀ ਤੇਜ਼ੀ ਨਾਲ ਕੰਮ ਕਰ ਸਕਦਾ ਹੈ ਜਿੰਨੀ ਤੇਜ਼ੀ ਨਾਲ ਉਨ੍ਹਾਂ ਦੇ ਮਨ ਵਿੱਚ ਸਵਾਲ ਆਉਂਦੇ ਹਨ. ਉਹ ਮਿਲੇ ਜਵਾਬ ਬਾਰੇ ਅੱਗੇ ਸਵਾਲ ਪੁੱਛ ਸਕਦੇ ਹਨ, ਕੋਈ ਹੋਰ ਤਰੀਕਾ ਅਜ਼ਮਾ ਸਕਦੇ ਹਨ ਅਤੇ ਆਪਣੀ ਸੋਚ ਦਾ ਸਿਲਸਿਲਾ ਟੁੱਟਣ ਦਿੱਤੇ ਬਿਨਾਂ ਕੰਮ ਜਾਰੀ ਰੱਖ ਸਕਦੇ ਹਨ. ਉਡੀਕ ਘਟਣ ਨਾਲ ਉਹ ਅਜਿਹੇ ਕੰਮ ਵੀ ਕਰਨ ਲੱਗੇ ਹਨ ਜੋ ਪਹਿਲਾਂ ਨਹੀਂ ਕਰਦੇ ਸਨ—ਚਾਹੇ ਉਹ ਟਾਲਿਆ ਹੋਇਆ ਕੋਡ ਦੇ ਢਾਂਚੇ ਦਾ ਸੁਧਾਰ ਹੋਵੇ ਜਾਂ ਕੋਈ ਰੁਟੀਨ ਦਾ ਕੰਮ ਜਿਸ ਨੂੰ ਹੁਣ ਦੂਜੇ ਦੇ ਹਵਾਲੇ ਕਰਨਾ ਫ਼ਾਇਦੇਮੰਦ ਬਣ ਗਿਆ ਹੈ.

  • Codex
  • 2026

ਲੇਖਕ

OpenAI