OpenAI

23 ਅਕਤੂਬਰ 2026

ਵਿਸ਼ਵ ਦੇ ਮਾਮਲੇ

ਏਆਈ ਸੁਰੱਖਿਆ ਨੂੰ ਅੱਗੇ ਵਧਾਉਣ ਲਈ OpenAI ਅਤੇ ਪੋਲੈਂਡ ਦੇ ਨਾਸਕ ਦੀ ਸਾਂਝੇਦਾਰੀ

OpenAI ਅਤੇ ਪੋਲੈਂਡ ਦੇ ਨਾਸਕ ਰਾਸ਼ਟਰੀ ਖੋਜ ਸੰਸਥਾਨ ਨੇ ਏਆਈ ਦੀ ਸੁਰੱਖਿਅਤ ਵਰਤੋਂ, ਸੁਰੱਖਿਆ ਅਤੇ ਤਕਨੀਕੀ ਖੋਜ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ. ਇਹ ਸਾਂਝੇਦਾਰੀ ਦੋਵਾਂ ਸੰਸਥਾਵਾਂ ਦੀ ਮੁਹਾਰਤ ਨੂੰ ਇਕੱਠਾ ਕਰੇਗੀ ਤਾਂ ਜੋ ਉੱਭਰ ਰਹੇ ਜੋਖਮਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ, ਸੁਰੱਖਿਆ ਉਪਾਅ ਮਜ਼ਬੂਤ ਕੀਤੇ ਜਾ ਸਕਣ ਅਤੇ ਇਹ ਖੋਜਿਆ ਜਾ ਸਕੇ ਕਿ ਉੱਨਤ ਏਆਈ ਡਿਜੀਟਲ ਤੰਤਰ ਨੂੰ ਵਧੇਰੇ ਸੁਰੱਖਿਅਤ ਅਤੇ ਸੰਕਟਾਂ ਦਾ ਸਾਹਮਣਾ ਕਰਨ ਯੋਗ ਬਣਾਉਣ ਵਿੱਚ ਕਿਵੇਂ ਯੋਗਦਾਨ ਪਾ ਸਕਦੀ ਹੈ.

ਜਿਵੇਂ-ਜਿਵੇਂ ਏਆਈ ਪ੍ਰਣਾਲੀਆਂ ਵਧੇਰੇ ਸਮਰੱਥ ਹੁੰਦੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਜੋਖਮਾਂ ਨੂੰ ਸਮਝਣ ਅਤੇ ਹੋਰ ਮਜ਼ਬੂਤ ਸੁਰੱਖਿਆ ਉਪਾਅ ਵਿਕਸਿਤ ਕਰਨ ਲਈ ਵਿਕਾਸਕਾਰਾਂ ਅਤੇ ਜਨਤਕ ਖੋਜ ਸੰਸਥਾਵਾਂ ਵਿਚਕਾਰ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੋਵੇਗਾ. ਅਮਰੀਕਾ ਦੇ ਅਤਿ-ਬੁੱਧੀਮਾਨ ਏਆਈ ਲਈ ਮਿਆਰ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਵਾਲੇ ਕੇਂਦਰ (ਕੈਸੀ), ਬਰਤਾਨੀਆ ਦੇ ਏਆਈ ਸੁਰੱਖਿਆ ਸੰਸਥਾਨ (ਏਆਈਐੱਸਆਈ) ਅਤੇ ਦੁਨੀਆ ਭਰ ਦੀਆਂ ਹੋਰ ਜਨਤਕ ਖੋਜ ਸੰਸਥਾਵਾਂ ਨਾਲ OpenAI ਦੇ ਚੱਲ ਰਹੇ ਕੰਮ ਨੇ ਪਹਿਲਾਂ ਹੀ ਸੁਰੱਖਿਆ ਉਪਾਅ ਮਜ਼ਬੂਤ ਕਰਨ, ਏਆਈ ਏਜੰਟਾਂ ਵਿੱਚ ਸੁਰੱਖਿਆ ਕਮਜ਼ੋਰੀਆਂ ਲੱਭਣ ਤੇ ਦੂਰ ਕਰਨ ਅਤੇ ਅਤਿ-ਆਧੁਨਿਕ ਏਆਈ ਦੀ ਸੁਰੱਖਿਆ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ ਹੈ.

ਇਸ ਸਮਝੌਤੇ ਤਹਿਤ, ਪੋਲੈਂਡ ਦੇ ਮਸਨੂਈ ਬੁੱਧੀ ਸੁਰੱਖਿਆ ਸੰਸਥਾਨ (ਏਆਈਐੱਸਆਈ) ਵਜੋਂ ਕੰਮ ਕਰ ਰਿਹਾ ਨਾਸਕ ਦਾ ਏਆਈ ਸੁਰੱਖਿਆ ਖੋਜ ਕੇਂਦਰ ਅਤੇ OpenAI ਏਆਈ ਸੁਰੱਖਿਆ ਖੋਜ ਵਿੱਚ ਸਹਿਯੋਗ ਕਰਨਗੇ. ਉਹ ਵਧਦੀਆਂ ਸਮਰੱਥਾਵਾਂ ਵਾਲੀਆਂ ਏਆਈ ਪ੍ਰਣਾਲੀਆਂ ਦਾ ਮੁਲਾਂਕਣ ਕਰਨ, ਸੰਭਾਵੀ ਕਮਜ਼ੋਰੀਆਂ ਦੀ ਪਛਾਣ ਕਰਨ ਅਤੇ ਸੁਰੱਖਿਆ ਉਪਾਅ ਮਜ਼ਬੂਤ ਕਰਨ ਦੇ ਤਰੀਕੇ ਤਲਾਸ਼ਣਗੇ.

“OpenAI ਨਾਲ ਸਹਿਯੋਗ ਸੰਸਥਾਨ ਅਤੇ ਇਸ ਦੇ ਏਆਈ ਸੁਰੱਖਿਆ ਖੋਜ ਕੇਂਦਰ ਲਈ ਇੱਕ ਸੁਭਾਵਿਕ ਅਗਲਾ ਕਦਮ ਹੈ. ਇਹ ਕੇਂਦਰ ਏਆਈ ਸੁਰੱਖਿਆ ਖੋਜ ਵਿੱਚ ਸਰਗਰਮੀ ਨਾਲ ਜੁੜਿਆ ਹੋਇਆ ਹੈ. ਇਸ ਕੰਮ ਵਿੱਚ ਉੱਭਰ ਰਹੇ ਜੋਖਮਾਂ ਤੋਂ ਬਚਾਅ ਦੇ ਉਪਾਅ ਵਿਕਸਿਤ ਕਰਨਾ, ਏਆਈ ਨਾਲ ਤਿਆਰ ਕੀਤੀ ਮਸਨੂਈ ਸਮੱਗਰੀ ਦੀ ਪਛਾਣ ਕਰਨਾ ਅਤੇ ਇਸ ਦੀ ਦੁਰਵਰਤੋਂ ਦੇ ਨਾਲ-ਨਾਲ ਇਨ੍ਹਾਂ ਚੁਣੌਤੀਆਂ ਦੇ ਬਹੁਭਾਸ਼ਾਈ ਪਹਿਲੂਆਂ ਨੂੰ ਸਮਝਣਾ ਸ਼ਾਮਲ ਹੈ.
ਏਆਈ ਨੂੰ ਸੁਰੱਖਿਅਤ ਬਣਾਉਣਾ ਕਿਸੇ ਇੱਕ ਦੇ ਇਕੱਲਿਆਂ ਕੰਮ ਕਰਨ ਨਾਲ ਸੰਭਵ ਨਹੀਂ. ਇਹ ਇੱਕ ਸਾਂਝਾ ਯਤਨ ਹੈ. ਜਨਤਕ ਏਆਈ ਸੁਰੱਖਿਆ ਸੰਸਥਾਨਾਂ ਅਤੇ ਅਤਿ-ਆਧੁਨਿਕ ਏਆਈ ਦੇ ਵਿਕਾਸਕਾਰਾਂ ਵਿਚਕਾਰ ਸਰਗਰਮ ਸਹਿਯੋਗ ਰਾਹੀਂ ਹੀ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਏਆਈ ਸੱਚਮੁੱਚ ਭਰੋਸੇਯੋਗ ਅਤੇ ਵਰਤੋਂ ਲਈ ਸੁਰੱਖਿਅਤ ਬਣੇ.
ਆਪਣੀ ਖੋਜ ਮੁਹਾਰਤ ਨੂੰ OpenAI ਦੀਆਂ ਤਕਨੀਕੀ ਸਮਰੱਥਾਵਾਂ ਨਾਲ ਜੋੜ ਕੇ, ਅਸੀਂ ਜੋਖਮਾਂ ਦਾ ਪਹਿਲਾਂ ਤੋਂ ਬਿਹਤਰ ਅੰਦਾਜ਼ਾ ਲਾ ਸਕਦੇ ਹਾਂ, ਸੁਰੱਖਿਆ ਉਪਾਅ ਮਜ਼ਬੂਤ ਕਰ ਸਕਦੇ ਹਾਂ ਅਤੇ ਵੱਡੀ ਤਬਦੀਲੀ ਲਿਆਉਣ ਵਾਲੀਆਂ ਇਨ੍ਹਾਂ ਤਕਨੀਕਾਂ ਪ੍ਰਤੀ ਲੋਕਾਂ ਦਾ ਭਰੋਸਾ ਵਧਾ ਸਕਦੇ ਹਾਂ.”
—ਰਾਦੋਸਵਾਵ ਨਿਏਲੇਕ, ਨਾਸਕ ਦੇ ਨਿਰਦੇਸ਼ਕ
“ਪੋਲੈਂਡ ਬੇਮਿਸਾਲ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਦਾ ਦੇਸ਼ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ OpenAI ਦੀ ਆਪਣੀ ਖੋਜ ਦੀ ਅਗਵਾਈ ਕਰਨ ਵਿੱਚ ਵੀ ਯੋਗਦਾਨ ਪਾਇਆ ਹੈ. ਜਿਵੇਂ-ਜਿਵੇਂ ਏਆਈ ਹੋਰ ਸਮਰੱਥ ਹੁੰਦੀ ਜਾ ਰਹੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਧਾਰਨਾਵਾਂ ਨੂੰ ਚੁਣੌਤੀ ਦੇਣ, ਆਪਣੀਆਂ ਪ੍ਰਣਾਲੀਆਂ ਦੀ ਜਾਂਚ ਕਰਨ ਅਤੇ ਸੁਰੱਖਿਆ ਉਪਾਅ ਮਜ਼ਬੂਤ ਕਰਨ ਲਈ ਆਪਣੀ ਸੰਸਥਾ ਤੋਂ ਬਾਹਰ ਦੀ ਮੁਹਾਰਤ ਦਾ ਵੀ ਲਾਭ ਲਈਏ.ਨਾਸਕ ਨਾਲ ਇਹ ਸਮਝੌਤਾ ਸਾਨੂੰ ਮਿਲ ਕੇ ਅਜਿਹਾ ਕਰਨ ਦਾ ਮੌਕਾ ਦਿੰਦਾ ਹੈ ਅਤੇ ਏਆਈ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਅੰਤਰਰਾਸ਼ਟਰੀ ਯਤਨ ਵਿੱਚ ਪੋਲੈਂਡ ਦੀ ਖੋਜ ਮੁਹਾਰਤ ਨੂੰ ਸ਼ਾਮਲ ਕਰਦਾ ਹੈ.”
—ਟੌਮ ਡਫ ਗੋਰਡਨ, OpenAI ਦੇ ਉਪ ਪ੍ਰਧਾਨ ਅਤੇ ਯੂਰਪ, ਮੱਧ ਪੂਰਬ ਤੇ ਅਫ਼ਰੀਕਾ ਲਈ ਨੀਤੀ ਮੁਖੀ

OpenAI ਨੇ ਅਮਰੀਕਾ ਨੂੰ ਸੱਦਾ ਦਿੱਤਾ ਹੈ ਕਿ ਉਹ ਏਆਈ ਸੁਰੱਖਿਆ ਸੰਸਥਾਨਾਂ ਅਤੇ ਮਿਆਰ ਨਿਰਧਾਰਤ ਕਰਨ ਵਾਲੀਆਂ ਸੰਸਥਾਵਾਂ ਦੀ ਮੁਹਾਰਤ ਦਾ ਲਾਭ ਲੈਂਦਿਆਂ, ਅਤਿ-ਆਧੁਨਿਕ ਏਆਈ ਲਈ ਅੰਤਰਰਾਸ਼ਟਰੀ ਤਕਨੀਕੀ ਮਿਆਰਾਂ 'ਤੇ ਦੁਨੀਆ ਭਰ ਦੇ ਦੇਸ਼ਾਂ ਨਾਲ ਮਿਲ ਕੇ ਕੰਮ ਕਰੇ. ਸਮਰੱਥਾਵਾਂ ਦਾ ਮੁਲਾਂਕਣ ਕਰਨ, ਜੋਖਮਾਂ ਨੂੰ ਪਰਖਣ, ਸੁਰੱਖਿਆ ਉਪਾਅ ਦੀ ਜਾਂਚ ਕਰਨ ਅਤੇ ਘਟਨਾਵਾਂ ਦੀ ਸੂਚਨਾ ਦੇਣ ਲਈ ਸਾਂਝੇ ਤਰੀਕੇ ਦੇਸ਼ਾਂ ਨੂੰ ਸਬੂਤਾਂ ਦੀ ਤੁਲਨਾ ਕਰਨ ਅਤੇ ਸਰਹੱਦਾਂ ਪਾਰ ਫੈਲਦੇ ਜੋਖਮਾਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ. ਨਾਸਕ ਨਾਲ ਇਹ ਸਹਿਯੋਗ ਇਸ ਵਿਆਪਕ ਯਤਨ ਵਿੱਚ ਰਾਸ਼ਟਰੀ ਮੁਹਾਰਤ ਨੂੰ ਸ਼ਾਮਲ ਕਰਨ ਦੀ ਅਹਿਮੀਅਤ ਦਰਸਾਉਂਦਾ ਹੈ.

ਨਾਸਕ ਦੀ ਇਹ ਮੁਹਾਰਤ ਏਆਈ ਸੁਰੱਖਿਆ ਬਾਰੇ ਵਿਆਪਕ ਖੋਜ 'ਤੇ ਆਧਾਰਿਤ ਹੈ, ਜਿਸ ਨੂੰ ਜਨਤਕ ਸੇਵਾਵਾਂ ਅਤੇ ਪੋਲੈਂਡ ਦੇ ਡਿਜੀਟਲ ਸੂਚਨਾ ਤੰਤਰ ਦੀ ਸੁਰੱਖਿਆ ਲਈ ਸਿੱਧੇ ਤੌਰ 'ਤੇ ਵਰਤਿਆ ਜਾਂਦਾ ਹੈ. ਨਾਸਕ ਵਰਗੇ ਰਾਸ਼ਟਰੀ ਭਾਈਵਾਲਾਂ ਤੋਂ ਬਿਨਾਂ, ਏਆਈ ਸੁਰੱਖਿਆ ਦੇ ਵਿਸ਼ਵਵਿਆਪੀ ਮਿਆਰ ਉਨ੍ਹਾਂ ਅਸਲ ਹਾਲਾਤ ਤੋਂ ਕੱਟੇ ਰਹਿ ਸਕਦੇ ਹਨ ਜਿਨ੍ਹਾਂ ਵਿੱਚ ਏਆਈ ਦੀ ਵਰਤੋਂ ਹੁੰਦੀ ਹੈ.

ਇਹ ਸਮਝੌਤਾ ਪੋਲੈਂਡ ਦੇ ਸਾਈਬਰ ਰੱਖਿਆ ਮਾਹਿਰਾਂ ਨਾਲ OpenAI ਦੇ ਚੱਲ ਰਹੇ ਕੰਮ ਨੂੰ ਵੀ ਅੱਗੇ ਵਧਾਉਂਦਾ ਹੈ. ਜੁਲਾਈ ਵਿੱਚ, ਨਾਸਕ ਦੇ ਅਧੀਨ ਕੰਮ ਕਰਦੀ ਸਰਟ ਪੋਲਸਕਾ ਨੇ ਡੇਬ੍ਰੇਕ ਰਾਹੀਂ OpenAI ਦੇ ਸਾਈਬਰ ਸਮਰੱਥਾਵਾਂ ਵਾਲੇ ਮਾਡਲਾਂ ਤੱਕ ਪਹੁੰਚ ਪ੍ਰਾਪਤ ਕੀਤੀ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ). ਟੀਮ ਨੇ ਮਾਈਕ੍ਰੋਟਿਕ ਰਾਊਟਰਓਐੱਸ ਵਿੱਚ ਛੇ ਕਮਜ਼ੋਰੀਆਂ ਲੱਭਣ ਲਈ OpenAI ਮਾਡਲਾਂ ਦੀ ਮਦਦ ਲਈ. ਇਨ੍ਹਾਂ ਵਿੱਚ ਅਜਿਹੀਆਂ ਖਾਮੀਆਂ ਵੀ ਸਨ ਜਿਨ੍ਹਾਂ ਨੂੰ ਇਕੱਠਿਆਂ ਵਰਤ ਕੇ ਬਿਨਾਂ ਪਛਾਣ ਦੀ ਪੁਸ਼ਟੀ ਦੇ ਪ੍ਰਭਾਵਿਤ ਉਪਕਰਨਾਂ ਨੂੰ ਆਪਣੇ ਕਾਬੂ ਵਿੱਚ ਲਿਆ ਜਾ ਸਕਦਾ ਸੀ. ਸਪਲਾਇਰ ਨੇ ਇਨ੍ਹਾਂ ਖਾਮੀਆਂ ਦੇ ਸੁਧਾਰ ਜਾਰੀ ਕੀਤੇ. ਸਰਟ ਪੋਲਸਕਾ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਸੁਧਾਰਾਂ ਨੇ ਉਸ ਵੱਲੋਂ ਦੇਖੇ ਗਏ ਹਮਲਿਆਂ ਨੂੰ ਰੋਕ ਦਿੱਤਾ.

ਲੇਖਕ

OpenAI